ਰਾਤ ਦੇ ਦੱਸ ਵੱਜਣ ਵਾਲੇ ਸੀ, ਨਿੱਕਾ ਫ਼ਤਿਹ ਦਿੱਲੀ ਮੋਰਚਾ ਲਾਈ ਬੈਠੇ ਆਪਣੇ ਪਿਤਾ ਨਾਲ ਗੱਲ ਕਰ ਕੇ ਹਟਿਆ ਸੀ, ਮਨ ਉਦਾਸ ਜਿਹਾ ਸੀ ਇਸ ਲਈ ਦਾਦਾ, ਬਚਨ ਸਿੰਘ ਨਾਲ ਜਾ ਕੇ ਲੇਟ ਗਿਆ ਤੇ ਹਮੇਸ਼ਾ ਵਾਂਗ ਸਵਾਲ ਪੁੱਛ ਬੈਠਾ। ਦਾਦਾ ਜੀ, ਕੀ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਸਾਡੀਆਂ ਤਕਲੀਫ਼ਾਂ ਨਜ਼ਰ ਨਹੀਂ ਆਉਂਦੀਆਂ ?ਬਚਨ ਸਿੰਘ ਜੀ ਕਹਿੰਦੇ, ਫ਼ਤਿਹ, ਚੱਲ ਮੈਂ ਇੱਕ ਕਹਾਣੀ ਸੁਣਾਉਂਦਾ ਹਾਂ !
ਇੱਕ ਰਾਜਾ ਸ਼ਿਕਾਰ ਕਰਦੇ ਹੋਏ ਆਪਣੇ ਸਿਪਾਹੀਆਂ ਤੋਂ ਵਿੱਛੜ ਗਿਆ ਤੇ ਕੱਲਾ ਹੀ ਪਿਆਸ ਨਾਲ ਬੇਹਾਲ ਹੋ ਕੇ ਡਿੱਗ ਪਿਆ। ਉਸ ਨੂੰ ਲੱਗਾ ਜਿਵੇਂ ਉਸਦਾ ਅੰਤ ਨੇੜੇ ਹੈ ਪਰ ਏਨੇ ਨੂੰ ਇੱਕ ਮਾਸ਼ਕੀ ਉੱਥੇ ਆ ਪਹੁੰਚਿਆ ਤੇ ਪਾਣੀ ਪਿਲਾ ਕੇ ਰਾਜੇ ਦੀ ਜਾਨ ਬਚਾ ਲਈ। ਰਾਜੇ ਨੇ ਖੁਸ਼ ਹੋ ਕੇ ਕਿਹਾ “ਮੰਗ ਲੈ ਜੋ ਮੰਗਣਾ”, ਮਾਸ਼ਕੀ ਨੇ ਕਿਹਾ- ਮੈਂ ਕਦੇ ਰਾਜਾ ਨਹੀਂ ਬਣਿਆ, ਮੈਂ ਰਾਜਾ ਬਨਣਾ ਚਾਹੁੰਦਾ ਹਾਂ! ਰਾਜੇ ਨੇ ਕਿਹਾ- ਮੈਂ ਤੈਨੂੰ ਇੱਕ ਦਿਨ ਦਾ ਰਾਜਾ ਬਣਾਂ ਰਿਹਾ ਹਾਂ!
ਬੱਸ ਫੇਰ ਕੀ ਸੀ, ਉਸ ਮਾਸ਼ਕੀ ਨੇ ਰਾਜਾ ਬਣਦੇ ਹੀ ਪਹਿਲਾ ਹੁਕਮ ਦਿੱਤਾ- ਮੇਰੇ ਫ਼ੈਸਲੇ ਕਦੀ ਬਦਲੇ ਨਹੀਂ ਜਾਣਗੇ। ਦੂਜਾ ਹੁਕਮ ਸੀ ਕਿ ਅੱਜ ਤੋਂ ਪੁਰਾਣੇ ਸਿੱਕੇ ਬੰਦ, ਮੇਰੇ ਨਾਮ ਦੇ ਚਮੜੇ ਦੇ ਸਿੱਕੇ ਬਣਾਏ ਜਾਣ! ਮੰਤਰੀਆਂ ਨੇ ਬਥੇਰਾ ਸਮਝਾਇਆ ਪਰ ਕਿੱਥੇ। ਧੜਾਧੜ ਜਾਨਵਰ ਵੱਡੇ ਜਾਣ ਲੱਗੇ, ਉਸ ਦੇਸ਼ ਵਿੱਚ ਬਹੁਤੀ ਜਨਤਾ ਦੁੱਧ ਵੇਚ ਕੇ ਹੀ ਗੁਜ਼ਾਰਾ ਕਰਦੀ ਸੀ, ਪਰ ਰਾਜੇ ਦੇ ਫ਼ੁਰਮਾਣ ਕਰਕੇ ਇੱਕ ਇੱਕ ਕਰਕੇ ਸਾਰੇ ਦੁੱਧ ਦੇਣ ਵਾਲ਼ੀਆਂ ਗਾਵਾਂ ਮੱਝਾਂ ਮਾਰ ਦਿੱਤੀਆਂ ਗਈਆਂ। ਕਾਰੋਬਾਰ ਅਲੱਗ ਖਤਮ ਹੋ ਗਏ।
ਉਸ ਮਾਸ਼ਕੀ ਨੂੰ ਬੱਸ ਮਸ਼ਕ ਅਤੇ ਚਮੜੇ ਦਾ ਹੀ ਗਿਆਨ ਸੀ, ਸੋ ਉਸ ਨੇ ਚਮੜੇ ਦੇ ਸਿੱਕੇ ਜਾਰੀ ਕਰ ਦਿੱਤੇ।ਠੀਕ ਇਸੇ ਤਰ੍ਹਾ, ਮੋਦੀ ਜੀ ਕਹਿੰਦੇ ਨੇ ਕਿ ਉਹ ਚਾਹ ਵੇਚਦੇ ਰਹੇ ਨੇ। ਸ਼ਾਇਦ ਇਸ ਲਈ ਉਹ ਜਾਣਦੇ ਹਨ ਕਿ ਕਿਸ ਮੁੱਦੇ ਨੂੰ ਕਿੰਨੀ ਦੇਰ ਤੱਕ ਉਬਾਲਣਾ ਹੈ, ਕਿਸ ਦਾ ਇਸਤੇਮਾਲ ਕਰਕੇ ਚਾਹ ਪੱਤੀ ਵਾਂਗ ਬਾਹਰ ਸੁੱਟ ਦੇਣਾ ਹੈ ਅਤੇ ਕਿਸ ਤਰਾਂ ਆਪਣੀ ਕੇਤਲੀ ਗਰਮ ਰੱਖਣੀ ਹੈ। ਉਹਨਾਂ ਨੂੰ ਆਮ ਲੋਕਾਂ ਦੀਆਂ ਤਕਲੀਫ਼ਾਂ ਨਜ਼ਰ ਨਹੀਂ ਆਉਂਦੀਆਂ, ਉਹ ਤਾਂ ਬੱਸ ਲੋਕਾਂ ਦਾ ਧਿਆਨ ਭਟਕਾ ਕੇ ਆਪਣੀ ਠੰਡੀ ਹੋ ਚੁੱਕੀ ਚਾਹ ਵੇਚਣਾ ਚਾਹੁੰਦੇ ਨੇ !
ਅੱਜ ਫ਼ਤਿਹ ਨੂੰ ਉਸਦੇ ਸਵਾਲ ਦਾ ਢੁਕਵਾਂ ਜਵਾਬ ਮਿਲ ਗਿਆ ਸੀ।
ਅੱਜ ਲਈ ਇੱਥੇ ਹੀ ਬੱਸ !
<script async src="//pagead2.googlesyndication.com/pagead/js/adsbygoogle.js"></script><script> (adsbygoogle = window.adsbygoogle || []).push({enable_page_level_ads: truegoogle_ad_client: "ca-pub-7979421484007145", });
</script>
