ਕੁੱਝ ਮਹੀਨੇ ਪਹਿਲੇ ਦੀ ਗੱਲ ਹੈ, ਬਚਨ ਸਿੰਘ ਹੁਣਾ ਦੀ ਰਿਸ਼ਤੇਦਾਰੀ ਵਿੱਚ ਇਕ ਵਿਆਹ ਆ ਗਿਆ । ਚੰਡੀਗੜ੍ਹ ਜਾਣਾ ਸੀ ਤੇ ਨਿੱਕਾ ਫ਼ਤਿਹ ਵੀ ਨਾਲ ਜਾਣ ਦੀ ਤਿਆਰੀ ਕੱਸ ਬੈਠਾ । ਸਵੇਰੇ ਜਾ ਕੇ ਸ਼ਾਮ ਨੂੰ ਮੁੜ ਆਉਣਾ ਸੀ । ਪਹਿਲੇ ਪਰਕਾਸ਼ ਕੋਰ ਨੇ ਵੀ ਜਾਣਾ ਸੀ ਪਰ ਫੇਰ ਉਹ ਐਵੇਂ ਹੀ ਢੇਰੀ ਢਾਹ ਬੈਠੀ ਤੇ ਫੇਰ ਇਹ ਫੈਸਲਾ ਹੋਇਆ ਕਿ ਸਵੇਰੇ ਚੰਡੀਗੜ੍ਹ ਵਾਲੀ ਗੱਡੀ ਤੇ ਦਾਦਾ-ਪੋਤਾ ਜਾਣਗੇ ਤੇ ਵਾਪਸ ਵੀ ਟ੍ਰੇਨ ਤੇ ਹੀ ਆ ਜਾਣਗੇ, ਐਵੇਂ ਬਹੁਤਾ ਸੋਖਾਂ ਹੋ ਜਾਏਗਾ ।
ਲਓ ਜੀ ਫੇਰ, ਫ਼ਤਿਹ ਸਿੰਘ ਤੇ ਬਚਨ ਸਿੰਘ ਦੀ ਜੋੜੀ ਸਵੇਰੇ-ਸਵੇਰੇ ਤਿਆਰ ਹੋ ਕੇ ਜਲੰਧਰ ਰੇਲਵੇ ਸਟੇਸ਼ਨ ਤੇ ਪਹੁੰਚ ਗਏ । ਫ਼ਤਿਹ ਦੀ ਮੰਮੀ ਨੇ ਨਾਲ ਵਾਸਤੇ ਇਕ ਛੋਟਾ ਜਿਹਾ ਬੈਗ ਤਿਆਰ ਕਰ ਦਿੱਤਾ, ਜਿਸ ਵਿੱਚ ਫ਼ਤਿਹ ਦੇ ਇਕ ਜੋੜੀ ਕੱਪੜੇ, ਕੁਝ ਖਾਣ-ਪੀਣ ਦਾ ਸਾਮਾਨ ਤੇ ਇਕ ਅੱਧ ਕੋਮਿਕ ਵੀ ਰੱਖ ਦਿੱਤੀ ਤੇ ਨਾਲ ਹੀ ਹਿਦਾਇਤ ਕੀਤੀ ਕਿ ਰਸਤੇ ਵਿੱਚ ਦਾਦਾ ਜੀ ਨੂੰ ਤੰਗ ਨਹੀਂ ਕਰਨਾ । ਬਾਹਰ ਦਾ ਵੀ ਨਹੀਂ ਖਾਣਾ ਤੇ ਕਿਸੇ ਤੋਂ ਲੈ ਕੇ ਵੀ ਨਹੀਂ ਖਾਣਾ । ਫ਼ਤਿਹ ਇਕ ਬੀਬੇ ਬੱਚੇ ਵਾਂਗ ਹਾਂ ਵਿੱਚ ਹਾਂ ਮਿਲਾਈ ਜਾ ਰਿਹਾ ਸੀ ।
ਗੱਡੀ ਟਾਈਮ ਤੇ ਸੀ, ਇਹਨਾਂ ਦੀਆਂ ਸੀਟਾਂ ਬੁੱਕ ਸੀ ਤੇ ਇਹ ਦੋਨੋ ਆਪਣੀ ਸੀਟ ਤੇ ਬੈਠ ਗਏ । ਇਹਨਾਂ ਦੀਆਂ ਸੀਟਾਂ ਡੱਬੇ ਦੇ ਬਿਲਕੁਲ ਵਿਚਲੀਆਂ ਸੀ, ਮਤਲਬ ਜਿੱਥੇ ਵਿੱਚ ਇਕ ਟੇਬਲ ਲੱਗਾ ਹੁੰਦਾ ਹੈ ਤੇ ਯਾਤਰੀ ਇਕ ਦੂਜੇ ਵੱਲ ਮੂੰਹ ਕਰ ਕੇ ਬੈਠਦੇ ਨੇ । ਫ਼ਤਿਹ ਨੇ ਝੱਟ ਖਿੜਕੀ ਵਾਲੀ ਸੀਟ ਮੱਲ ਲਈ। ਸਾਹਮਣੇ ਵਾਲੀ ਸੀਟ ਤੇ ਇਕ ਜੋੜਾ ਬੈਠਾ ਸੀ ਜੋ ਕਿ ਅੰਮ੍ਰਿਤਸਰ ਤੋਂ ਆ ਰਿਹਾ ਸੀ।
ਬਚਨ ਸਿੰਘ ਜੀ ਨੇ ਪੁੱਛਿਆ ਕਿ ਉਹ ਵੀ ਚੰਡੀਗੜ੍ਹ ਜਾਣਗੇ? ਜਵਾਬ ਹਾਂ ਵਿੱਚ ਮਿਲਿਆ । ਗੱਡੀ ਚੱਲ ਪਈ । ਹੱਲੇ ਫਗਵਾੜਾ ਵੀ ਨਹੀਂ ਸੀ ਟੱਪਿਆ ਕਿ ਫ਼ਤਿਹ ਨੇ ਆਪਣੇ ਬੈਗ ਵਿੱਚੋਂ ਕਿਤਾਬ ਕੱਢੀ ਤੇ ਪੜ੍ਹਨ ਲੱਗਾ । ਬਚਨ ਸਿੰਘ ਵੀ ਸ਼ਾਇਦ ਸਵੇਰੇ ਜਲਦੀ ਉੱਠੇ ਹੋਣ ਕਰਕੇ ਆਪਣੀ ਨੀਂਦ ਪੂਰੀ ਕਰਨ ਲਈ ਸੋਣ ਲੱਗ ਪਏ, ਪਰ ਫੇਰ ਅਚਾਨਕ ਕਿਸੇ ਤੇਜ ਸੰਗੀਤ ਨੂੰ ਸੁਣ ਕੇ ਉੱਠ ਗਏ । ਅਸਲ ਵਿੱਚ ਸਾਹਮਣੇ ਬੈਠੇ ਬੰਦੇ ਨੇ ਆਪਣੇ ਮੋਬਾਈਲ ਤੇ ਵੈਸ਼ਨੋਂ ਦੇਵੀ ਤੋਂ ਚੱਲ ਰਹੇ ਭਜਨ ਲਾ ਲਏ ਸੀ ਤੇ ਵਿਚਲੇ ਟੇਬਲ ਤੇ ਰੱਖ ਕੇ ਦੋਵੇਂ ਜਣੇ ਬੜੀ ਹੀ ਖੁਸ਼ੀ ਨਾਲ ਸੁਣ ਰਹੇ ਸੀ । ਫ਼ਤਿਹ ਵੀ ਤੇਜ ਆਵਾਜ਼ ਤੋਂ ਤੰਗ ਹੋ ਰਿਹਾ ਸੀ ਇਸ ਵਾਸਤੇ ਉਹਨੇ ਆਪਣਾ ਆਈ ਪੋਡ ਕੱਢ ਕੇ, ਹੈਡ ਫ਼ੋਨ ਲਾ, ਕੁਝ ਸੁਨਣ ਲੱਗਾ ।
ਥੋੜੀ ਦੇਰ ਬਾਅਦ ਸਾਹਮਣੇ ਬੈਠੇ ਜੋੜੇ ਨੇ ਸੇਬ ਕੱਢ ਕੇ ਕੱਟ ਲਿਆ ਤੇ ਨਿੱਕੇ ਫ਼ਤਿਹ ਨੂੰ ਵੀ ਦੇਣ ਲੱਗੇ, ਬੜੀ ਵਾਰ ਮਨਾ ਕਰਨ ਦੇ ਬਾਵਜੂਦ ਫ਼ਤਿਹ ਨੂੰ ਇਕ ਪੀਸ ਲੈਣਾ ਹੀ ਪਿਆ। ਹਾਲੇ ਕੁੱਝ ਹੀ ਸਮਾਂ ਲੰਘਿਆ ਹੋਣਾ ਹੈ ਤੇ ਸਾਹਮਣੇ ਵਾਲਿਆਂ ਨੇ ਇੱਕ ਪੂੜੀ ਫ਼ਤਿਹ ਵੱਲ ਕਰ ਦਿੱਤੀ ਇੱਕ ਵਾਰ ਫੇਰ ਬੜੀ ਨਾਂਹ-ਨੁਕਰ ਤੋਂ ਬਾਅਦ ਫ਼ਤਿਹ ਨੂੰ ਉਹ ਵੀ ਖਾਣੀ ਪਈ। ਐਨੀ ਸਾਰੀ ਦੇਰ ਵਿੱਚ ਗੱਡੀ ਲੁਧਿਆਣੇ ਤੋਂ ਚੱਲ ਚੁੱਕੀ ਸੀ ਤੇ ਮਾਤਾ ਦੀਆਂ ਭੇਟਾਂ ਬ-ਦਸਤੂਰ ਜਾਰੀ ਸੀ ਤੇ ਆਸ-ਪਾਸ ਦੇ ਹੋਰ ਲੋਕ ਵੀ ਤੰਗ ਹੋ ਰਹੇ ਜਾਪਦੇ ਸੀ। ਬਚਨ ਸਿੰਘ ਨੇ ਦਵਾਈ ਖਾਉਣੀ ਸੀ ਤੇ ਇਸ ਵਾਸਤੇ ਫ਼ਤਿਹ ਨੂੰ ਵੀ ਕਿਹਾ ਕਿ ਜੋ ਮੰਮੀ ਨੇ ਬਣਾ ਕੇ ਦਿੱਤਾ ਹੈ ਕੱਢ ਲੈ, ਮੈਂ ਜ਼ਰਾ ਹੱਥ ਧੋ ਕੇ ਆਇਆ।
ਫ਼ਤਿਹ ਨੇ ਝੱਟ ਆਪਣੇ ਬੈਗ ਵਿਚੋਂ ਮੰਮੀ ਦੇ ਦਿੱਤੇ ਹੋਏ ਬ੍ਰੈਡ-ਆਮਲੇਟ ਕੱਢ ਲਈ ਤੇ ਸਾਹਮਣੇ ਬੈਠੇ ਜੋੜੇ ਨੂੰ ਖਾਣ ਲਈ ਦੇ ਦਿੱਤਾ, ਅਗਲਿਆਂ ਵੀ ਇੱਕ-ਅੱਧ ਵਾਰ ਮਨਾਹ ਕੀਤਾ ਪਰ ਫ਼ਤਿਹ ਦੇ ਕਹਿਣ ਤੇ ਇੱਕ ਪੀਸ ਚੁੱਕ ਲਿਆ। ਹਾਲੇ ਦੋਹਾਂ ਨੇ ਪਹਿਲਾ ਹੀ ਚੱਕ ਮਾਰਿਆ ਹੋਣਾ ਹੈ ਕਿ ਉਹਨਾਂ ਰੌਲਾ ਪਾ ਦਿੱਤਾ ਤੇ ਫ਼ਤਿਹ ਨੂੰ ਉੱਚੀ ਆਵਾਜ਼ ਵਿੱਚ ਝਿੜਕਣ ਲੱਗੇ ਕਿ ਤੈਨੂੰ ਪਤਾ ਨਹੀਂ ਕਿ ਅਸੀਂ ਅੱਜਕਲ ਅੰਡਾ ਨਹੀਂ ਖਾਉਂਦੇ ? ਫ਼ਤਿਹ ਸਹਿਮ ਜਿਹਾ ਗਿਆ, ਆਲਾ-ਦੁਆਲਾ ਦੇਖਿਆ ਤੇ ਬਚਨ ਸਿੰਘ ਵੀ ਹਾਲੇ ਵਾਪਿਸ ਨਹੀਂ ਸੀ ਆਏ, ਫੇਰ ਵੀ ਬੜੀ ਹੀ ਮਾਸੂਮੀਅਤ ਨਾਲ ਬੋਲਿਆ - ਮੈਂ ਵੀ ਤੇ ਤੁਹਾਡਾ ਦਿੱਤਾ ਹੋਇਆ ਸੇਬ ਖਾਦਾ ਸੀ, ਮੈਨੂੰ ਕੀ ਪਤਾ ਕਿ ਤੁਸੀਂ ਕੀ ਖਾਂਦੇ ਹੋ ਤੇ ਕੀ ਨਹੀਂ ! ਠੀਕ ਉਸ ਵੇਲੇ ਬਚਨ ਸਿੰਘ ਆਪਣੇ ਹੱਥ ਪੂੰਝਦੇ ਹੋਏ ਵਾਪਸ ਆ ਗਏ ਤੇ ਮਿੰਟ ਤੋਂ ਪਹਿਲੇ ਸਾਰਾ ਮਾਜਰਾ ਸਮਝ ਗਏ।
ਉਹਨਾਂ ਦੋਨੋਂ ਹੱਥ ਜੋੜ ਕੇ ਸਾਹਮਣੇ ਵਾਲਿਆਂ ਤੋਂ ਮਾਫ਼ੀ ਮੰਗੀ ਤੇ ਛੋਟਾ ਬੱਚਾ ਹੋਣ ਕਰਕੇ ਫ਼ਤਿਹ ਦੀ ਨਾਦਾਨੀ ਸਮਝਾ ਕੇ ਫ਼ਤਿਹ ਨੂੰ ਵੀ ਮਾਫ਼ ਕਰਨ ਦੀ ਬੇਨਤੀ ਕੀਤੀ। ਪਰ ਸਾਹਮਣੇ ਵਾਲਾ ਜੋੜਾ ਕਿੱਥੇ ਵਾਰੀ ਆਉਣ ਦੇਣ, ਅਖੇ ਸਾਡਾ ਧਰਮ ਭ੍ਰਸ਼ਟ ਕਰ ਦਿੱਤਾ ਇਸ ਬੱਚੇ ਨੇ, ਘਰ ਦਿਆਂ ਨੂੰ ਸਿਖਾਉਣਾ ਚਾਹੀਦੈ ਕਿ ਦੂਸਰੇ ਧਰਮ ਦੀ ਇਜ਼ੱਤ ਕਿੱਦਾਂ ਕਰੀ ਦੀ ਹੈ ! ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜਕਲ ਨਰਾਤੇ ਚੱਲ ਰਹੇ ਨੇ ਤੇ ਅਸੀਂ ਇਹਨਾਂ ਦਿਨਾਂ ਵਿੱਚ ਮੀਟ-ਅੰਡਾ ਨਹੀਂ ਖਾਂਦੇ। ਨਾਲ ਦੀਆਂ ਦੋ-ਚਾਰ ਸਵਾਰੀਆਂ ਨੇ ਵੀ ਕਿਹਾ ਕਿ ਬੱਚੇ ਦੀ ਕੋਈ ਗ਼ਲਤੀ ਨਹੀਂ, ਉਸਨੇ ਤਾਂ ਉਹੀ ਕੀਤਾ ਜੋ ਤੁਸੀਂ ਉਸ ਨੂੰ ਸਿਖਾਇਆ। ਤੁਸੀਂ ਜ਼ਬਰਦਸਤੀ ਆਪਣਾ ਖਾਣਾ ਉਸ ਨੂੰ ਦੇ ਦਿੱਤਾ, ਤੁਸੀਂ ਜ਼ਬਰਦਸਤੀ ਐਨੀ ਉੱਚੀ ਆਵਾਜ਼ ਵਿੱਚ ਭਜਨ ਲਗਾਏ ਹੋਏ ਨੇ, ਉਸ ਬੱਚੇ ਵਾਂਗ ਅਸੀਂ ਕਈ ਲੋਕਾਂ ਨੇ ਆਪਣੇ ਹੈਡ-ਫੋਨ ਲਗਾ ਕੇ ਆਵਾਜ਼ ਤੋਂ ਬਚਾਓ ਕੀਤਾ ਹੈ।
ਫ਼ਤਿਹ ਬਹੁਤ ਹੀ ਸਹਿਮ ਗਿਆ ਤੇ ਬਾਕੀ ਦਾ ਸਾਰਾ ਸਫਰ ਇਹ ਸੋਚਦੇ ਹੋਏ ਲੰਘਿਆ ਕਿ "ਜੇ ਵੰਡ ਕੇ ਛਕਣ ਨਾਲ ਕਿਸੇ ਦਾ ਧਰਮ ਖ਼ਰਾਬ ਹੋ ਜਾਂਦਾ ਤੇ ਗੁਰੂ ਨਾਨਕ ਸਾਨੂੰ ਇਹ ਸਿਖਾਂਦੇ ਹੀ ਕਿਉਂ ?" ਨਾਲੇ ਜੇ ਕਿਸੇ ਚੀਜ਼ ਨੂੰ ਖਾਣ ਨਾਲ ਧਰਮ ਭ੍ਰਸ਼ਟ ਹੁੰਦਾ ਹੈ ਤੇ ਫੇਰ ਦੂਜੇ ਲੋਕਾਂ ਨੂੰ ਤੰਗ ਕਰਨ ਨਾਲ ਵੀ ਤੇ ਹੁੰਦਾ ਹੀ ਹੋਣਾ ਹੈ, ਜਿਹੜਾ ਇਹਨਾਂ ਨੇ ਪਿਛਲੇ ਦੋ ਘੰਟਿਆਂ ਤੋਂ ਉੱਚੀ ਆਵਾਜ਼ ਵਿੱਚ ਮੋਬਾਈਲ ਤੇ ਭੇਟਾਂ ਲਾ ਕੇ ਕੀਤਾ ਹੋਇਆ ਸੀ। ਆਪਣੀ ਵਾਰੀ ਇਹਨਾਂ ਨੇ ਮੈਨੂੰ ਜ਼ਬਰਦਸਤੀ ਖਵਾ ਦਿੱਤਾ ਪਰ ਮੇਰੇ ਕਹਿਣ ਤੇ ਖਾਣ ਨਾਲ ਇਹਨਾਂ ਦਾ ਧਰਮ ਹੀ ਖ਼ਤਰੇ ਵਿੱਚ ਕਿੱਦਾਂ ਆ ਗਿਆ ? ਮੇਰੇ ਤੋਂ ਐਡੀ ਕੀ ਗ਼ਲਤੀ ਹੋ ਗਈ ਕਿ ਦਾਦਾ ਜੀ ਨੂੰ ਇਹਨਾਂ ਤੋਂ ਮਾਫ਼ੀ ਮੰਗਣੀ ਪੈ ਗਈ ? ਸਵਾਲ ਕਈ ਸਨ ਤੇ ਜਵਾਬ ਕੋਈ ਵੀ ਨਹੀਂ ਅੰਤ ਵਿੱਚ ਬਚਨ ਸਿੰਘ ਨੇ ਫ਼ਤਿਹ ਨੂੰ ਇਹੀ ਕਹਿ ਕੇ ਗੱਲ ਪਰਚਾਈ ਕਿ ਬੇਟਾ ਕੁੱਝ ਲੋਗ ਆਪਣੇ ਕੀਤੇ ਨੂੰ ਦੇਖ ਨਹੀਂ ਪਾਉਂਦੇ ਤੇ ਦੂਜੇ ਨੂੰ ਝੱਟ ਗ਼ਲਤ ਸਾਬਤ ਕਰ ਦਿੰਦੇ ਨੇ।
ਤੁਸੀ ਵੀ ਜ਼ਰਾ ਸੋਚ ਕੇ ਦੱਸਣਾ ਕਿ ਕਸੂਰ ਕਿਸ ਦਾ ਸੀ ? ਕੀ ਧਾਰਮਿਕ ਹੋ ਕੇ ਬੰਦਾ ਇਨਸਾਨੀਅਤ ਭੁੱਲ ਜਾਂਦਾ ਹੈ ? ਕੀ ਮਾਨਵਤਾ ਹੀ ਸਭ ਤੋਂ ਵੱਡਾ ਧਰਮ ਨਹੀਂ ? ਜੇ ਤੁਹਾਡਾ ਧਰਮ ਤੁਹਾਨੂੰ ਇਨਸਾਨ ਨਹੀਂ ਰਹਿਣ ਦੇ ਰਿਹਾ ਤੇ ਮਾਫ਼ ਕਰਨਾ, ਇਹ ਧਰਮ ਨਹੀਂ ਕੁੱਝ ਹੋਰ ਹੀ ਹੈ ! ਤਾਂਤ੍ਰਿਕ ਕਹਿੰਦਾ ਹੈ ਕਿ ਸ਼ੈਤਾਨ (ਭੂਤ) ਹੈ ਤੇ ਪੁਜਾਰੀ ਕਹਿੰਦਾ ਹੈ ਕਿ ਰੱਬ ਹੈ, ਦਿਸਦੇ ਤੇ ਦੋਨੋਂ ਹੀ ਨਹੀਂ, ਤੇ ਅਸੀਂ ਇਹਨਾਂ ਦੋਨਾਂ ਦੇ ਗ੍ਰਾਹਕ ਬਣੇ ਹੋਏ ਐਵੇਂ ਹੀ ਇਨਸਾਨ ਨੂੰ ਇਨਸਾਨ ਮੰਨ ਕੇ ਰਾਜ਼ੀ ਨਹੀਂ। ਧਰਮ ਬੜਾ ਨਿੱਜੀ ਮਸਲਾ ਹੈ। ਸਿਰਫ਼ ਮੇਰੇ ਅਤੇ ਰੱਬ ਵਿਚਕਾਰ ਦਾ। ਇਸ ਲਈ ਇਸ ਦਾ ਇਜ਼ਹਾਰ ਕਿਸੇ ਵੀ ਤਰੀਕੇ ਨਾਲ਼ ਸਮਾਜ ਵਿੱਚ ਖੁਲ੍ਹੇ ਰੂਪ ਵਿੱਚ ਕਰਨ ਨਾਲ਼ ਇਹ ਮੇਰਾ ਅਤੇ ਰੱਬ ਦਾ ਨਿਰਾਦਰ ਹੁੰਦਾ ਹੈ। ਜਿਹੜੀ ਵੀ ਚੀਜ਼ ਸਮਾਜ ਮੁਹਰੇ ਕਰੀ ਜਾਵੇਗੀ ਉਹ ਧਰਮ ਨਹੀਂ ਰਾਜਨੀਤੀ ਹੋਵੇਗੀ।
"ਸਾਮਨੇ ਹੈ ਜੋ ਉਸਕੋ ਬੁਰਾ ਕਹਿਤੇ ਹੈਂ, ਜਿਸਕੋ ਦੇਖਾ ਭੀ ਨਹੀਂ ਉਸਕੋ ਖੁਦਾ ਕਹਿਤੇ ਹੈਂ !"
ਸੋਚਣਾ ਜ਼ਰੂਰ !
ਅੱਜ ਲਈ ਇਤਨਾ ਹੀ...
|| ਇਤਿ ||
<script async src="//pagead2.googlesyndication.com/pagead/js/adsbygoogle.js"></script>
<script>
(adsbygoogle = window.adsbygoogle || []).push({
google_ad_client: "ca-pub-7979421484007145",
enable_page_level_ads: true
});
</script>