"ਭਰਾਜੀ,
ਉਹਨਾਂ ਦੇ ਘਰ ਮੀਟ-ਮੁਰਗਾ ਚੱਲਦਾ ਹੈ ਤੇ ਨਿੱਕੀ, ਨਾਂ ਤੇ ਖਾਂਦੀ ਹੈ ਤੇ ਨਾਂ ਪਕਾਉਂਦੀ ਹੈ, ਅਸੀਂ ਇਹ ਰਿਸ਼ਤਾ ਨਹੀਂ ਕਰਨਾ !"- ਡੈਡੀ ਨੇ ਬੱਸ ਇਹੀ ਕਹਿ ਕੇ ਵੱਡੇ ਭਾਪਾ ਜੀ ਦੀ
ਸਾਲੀ ਦੇ ਜੇਠ ਦੇ ਮੁੰਡੇ ਦਾ ਰਿਸ਼ਤਾ ਮੋੜ ਦਿੱਤਾ ਸੀ। ਹਾਲਾਂਕਿ ਉਸ ਪਰਿਵਾਰ ਨੂੰ ਸਾਰੇ
ਜਾਣਦੇ ਸੀ ਤੇ ਘਰ ਵੀ ਆਣਾ ਜਾਣਾ ਸੀ ਪਰ ਡੈਡੀ ਦੀ ਬੱਸ ਇੱਕੋ ਹੀ ਰੱਟ ਸੀ ਕਿ ਮੁੰਡਾ
ਗੁਰਸਿੱਖ ਹੋਵੇ, ਮੀਟ-ਮੁਰਗਾ ਤੇ ਸ਼ਰਾਬ ਤੋਂ ਪਰਹੇਜ਼ ਕਰਦਾ ਹੋਵੇ। ਮੰਮੀ ਵੀ ਆਪਣੇ ਆਪ ਨੂੰ
ਇਹੀ ਸਮਝਾ ਕੇ ਚੁੱਪ ਹੋ ਗਈ ਕਿ ਜਿੱਥੇ ਲੇਖ-ਸੰਜੋਗ। ਮੈਂ ਤਿੰਨਾਂ ਭੈਣਾਂ ਵਿੱਚੋਂ ਸਭ
ਤੋਂ ਛੋਟੀ ਸੀ ਤੇ ਹਾਲੇ ਮੈਨੂੰ ਇਹਨਾਂ ਗੱਲਾਂ ਦਾ ਬਹੁਤਾ ਪਤਾ ਵੀ ਨਹੀਂ ਸੀ। ਵੱਡੇ
ਭਾਪਾ ਜੀ ਨੇ ਡੈਡੀ ਨੂੰ ਬਥੇਰਾ ਸੱਮਝਾਉਣ ਦੀ ਕੋਸ਼ਿਸ਼ ਕੀਤੀ ਪਰ ਡੈਡੀ ਆਪਣੀ ਗੱਲ ਤੇ ਅੜੇ
ਰਹੇ। ਮੇਰੀ ਐੱਮ. ਏ. ਪੂਰੀ ਹੋ ਗਈ ਸੀ ਤੇ ਮੈਂ ਅੱਗੇ ਬੀ. ਐਡ. ਕਰਨ ਬਾਰੇ ਸੋਚ ਰਹੀ ਸੀ।
ਥੋੜੇ ਦਿਨਾਂ ਬਾਅਦ ਇੱਕ ਰਿਸ਼ਤਾ ਹੋਰ ਆਇਆ, ਮੁੰਡਾ ਕਿਸੇ ਕੰਪਨੀ ਵਿੱਚ
ਅਕਾਊਂਟੈਂਟ ਸੀ, ਪੂਰਨ ਗੁਰਸਿੱਖ, ਅੰਮ੍ਰਿਤ ਧਾਰੀ, ਸਵੇਰੇ-ਸ਼ਾਮ ਪਾਠ ਕਰਨ ਵਾਲਾ ਪਰਿਵਾਰ,
ਡੈਡੀ ਨੇ ਫਟਾਫਟ ਗੱਲ ਅੱਗੇ ਤੋਰ ਲਿੱਤੀ। ਕੁਲਰਾਜ ਨਾਮ ਸੀ, ਤਿੰਨਾਂ ਭੈਣਾਂ ਦਾ ਛੋਟਾ
ਭਰਾ। ਭੈਣਾਂ ਵਿਆਹੀਆਂ ਹੋਇਆਂ ਸੀ ਤੇ ਸ਼ਹਿਰ ਦੀ ਨਵੀਂ ਅਬਾਦੀ ਵਿੱਚ ਆਪਣਾ ਘਰ, ਹੋਰ
ਕੀ ਚਾਹੀਦਾ ਸੀ। ਦੇਖ ਦਿਖਾ ਹੋਇਆ, ਸਾਡੇ ਵੱਲੋਂ ਮੇਰੀਆਂ ਦੋਨੋ ਭੈਣਾਂ, ਜੀਜਾ ਜੀ,
ਵੱਡੇ ਭਾਪਾ ਜੀ ਤੇ ਮੰਮੀ ਡੈਡੀ ਸੀ ਤੇ ਉਧਰੋਂ ਪਤਾ ਨਹੀਂ ਕੌਣ-ਕੌਣ। ਮੈਂ ਸ਼ਰਮਾਉਂਦੀ
ਹੋਈ ਕੁੱਝ ਦੱਸ ਨਹੀਂ ਸਕਦੀ ਸੀ ਪਰ ਫੇਰ ਮੇਰੀ ਵੱਡੀ ਭੈਣ - ਜੱਸੀ ਤੇ ਤੇਜੀ ਜੀਜਾ ਜੀ ਨੇ
ਮੈਨੂੰ ਇਕੱਲੀ ਨੂੰ ਕੋਲ ਬੁਲਾ ਕੇ ਮੇਰੀ ਮਰਜ਼ੀ ਪੁੱਛੀ ਤੇ ਮੈਂ ਇਹੀ ਕਹਿ ਸਕੀ ਕਿ ਮੈਨੂੰ
ਕੁੱਝ ਨਹੀਂ ਪਤਾ, ਤੁਸੀ ਵੱਡੇ ਹੋ, ਜਿਵੇਂ ਤੁਹਾਨੂੰ ਠੀਕ ਲੱਗੇ। ਲਉ ਜੀ ਇਹ ਰਿਸ਼ਤਾ ਹੋ
ਗਿਆ ਤੇ ਰੋਕੇ ਤੋਂ ਠੀਕ ਇੱਕ ਮਹੀਨੇ ਬਾਅਦ ਦੀ ਤਾਰੀਖ਼ ਵੀ ਪੱਕੀ ਹੋ ਗਈ।
ਇਸ
ਸਮੇਂ ਦੌਰਾਨ ਇੱਕ ਜਾਂ ਦੋ ਵਾਰ ਕੁਲਰਾਜ ਦਾ ਫੋਨ ਵੀ ਆਇਆ ਸੀ ਪਰ ਮੈਂ ਸੰਗਦੀ ਨੇਂ ਬਹੁਤੀ
ਗੱਲ ਨਾ ਕਰਨੀ, ਕਰਦੀ ਵੀ ਕੀ, ਹੋਰ ਸਭ ਠੀਕ ? ਮੰਮੀ ਕਿਵੇਂ, ਤੇ ਪਾਪਾ ਕਿਵੇਂ ਤੋਂ
ਇਲਾਵਾ ਹੋਰ ਕੋਈ ਗੱਲ ਸੁੱਝਦੀ ਹੀ ਨਹੀਂ ਸੀ। ਕੁਲਰਾਜ ਹੁਣਾ ਦੇ ਵੱਲੋਂ ਸੁਨੇਹਾ ਆਇਆ ਕਿ
ਸਾਡੇ ਤਿੰਨ ਜਵਾਈ ਨੇ ਤੇ ਦੋ ਕੁਲਰਾਜ ਦੇ ਫੁੱਫੜ, ਬਸ ਇਹਨਾਂ ਦੀ ਹੀ ਮਿਲਣੀ ਹੋਣੀ ਹੈ ਤੇ ਹਾਂ, ਮਿਲਣੀ
ਵਿੱਚ ਕੰਬਲ ਦੀ ਥਾਂ ਮੁੰਦਰੀਆਂ ਰੱਖ ਲੈਣਾ। ਸੁਣ ਕੇ ਮਾੜਾ ਤੇ ਲੱਗਾ ਪਰ ਡੈਡੀ ਨੇ ਕਿਹਾ
ਕੋਈ ਗੱਲ ਨਹੀਂ ਮੈਂ ਭਰਾਜੀ ਕੋਲੋਂ ਕੁੱਝ ਪੈਸੇ ਫੜ ਕੇ ਸਾਰਾ ਕੰਮ ਨਬੇੜ ਦੇਣਾ। ਭਰਾਜੀ
ਨੂੰ ਮੈਂ ਆਪੇ ਹੌਲੀ-ਹੌਲੀ ਮੋੜ ਦਿਆਂਗਾ। ਓਹੀ ਹੋਇਆ, ਜਿੱਦਾਂ-ਕਿੱਦਾਂ ਵਿਆਹ ਹੋ
ਗਿਆ। ਸਹੁਰੇ ਘਰ ਸਭ ਕੁੱਝ ਵੱਖਰਾ ਤੇ ਉਪਰਾ ਜਿਹਾ ਲੱਗਦਾ ਸੀ।
ਫੇਰਾ
ਪਾਉਣ ਆਈ ਤੇ ਸਾਰਾ ਪਰਿਵਾਰ ਕੱਠਾ ਹੋਇਆ ਸੀ ਜੱਸੀ ਭੈਣ, ਤੇਜੀ ਜੀਜਾ ਜੀ, ਮੀਤੀ ਭੈਣ,
ਕਮਲ ਜੀਜਾ ਜੀ ਤੇ ਉਹਨਾਂ ਦੇ ਬੱਚੇ, ਬੜੀ ਰੌਣਕ ਲੱਗੀ। ਕੁਲਰਾਜ ਵੀ ਥੋੜੀ- ਬਹੁਤ ਗੱਲ
ਕਰਦੇ ਰਹੇ ਪਰ ਮੈਂ ਆਪਣੀ ਗੱਲ ਜੱਸੀ ਨਾਲ ਕੀਤੇ ਬਗੈਰ ਹੀ ਵਾਪਿਸ ਚਲੀ ਗਈ। ਸਹੁਰੇ ਘਰ
ਕੁੱਝ ਦਿਨ ਏਦਾਂ ਹੀ ਰਿਹਾ ਫੇਰ ਇੱਕ-ਇੱਕ ਕਰਕੇ ਸਾਰੇ ਰਿਸ਼ਤੇਦਾਰ ਵੀ ਆਪੋ-ਆਪਣੇ ਘਰਾਂ
ਨੂੰ ਚਲੇ ਗਏ। ਹੁਣ ਘਰ ਵਿੱਚ ਅਸੀਂ ਚਾਰ ਜੀ ਰਹਿ ਗਏ ਸੀ। ਪਾਪਾ ਤੇ ਕੁਲਰਾਜ ਕੰਮ ਤੇ
ਚਲੇ ਜਾਂਦੇ, ਮੈਂ ਤੇ ਮੰਮੀ ਘਰ ਕੱਲੇ ਰਹਿ ਜਾਂਦੇ। ਮੰਮੀ ਜ਼ਿਆਦਾਤਰ ਆਪਣੇ ਕਮਰੇ ਵਿੱਚ
ਬੈਠੇ ਟੀ.ਵੀ. ਦੇਖਦੇ ਜਾਂ ਫ਼ੇਰ ਫੋਨ ਤੇ ਗੱਲਾਂ ਕਰਦੇ ਰਹਿੰਦੇ। ਮੈਂ ਵੀ ਉਹਨਾਂ ਕੋਲ
ਬੈਠੀ ਕਦੇ ਕੋਈ ਕਿਤਾਬ ਪੜਦੀ ਰਹਿੰਦੀ ਜਾਂ ਫੇਰ ਮੰਮੀ ਦੀਆਂ ਗੱਲਾਂ ਸੁਣਦੀ ਰਹਿੰਦੀ।
ਦੁਪਹਿਰ ਨੂੰ ਕਦੇ ਰੋਟੀ ਖਾ ਲੈਣੀ ਨਹੀਂ ਤੇ ਸ਼ਾਮ ਨੂੰ ਕੁਲਰਾਜ ਤੇ ਪਾਪਾ ਦੇ ਆਉਣ ਤੇ ਚਾਹ
ਨਾਲ ਕੁੱਝ ਖਾ ਲੈਣਾ ਤੇ ਫੇਰ ਰਾਤ ਨੂੰ ਕੁੱਝ ਖਾਣ ਤੇ ਮੰਨ ਨਾ ਕਰਨਾ। ਸਵੇਰੇ-ਸ਼ਾਮ ਨੂੰ
ਗੁਰੂਦਵਾਰਾ ਸਾਹਿਬ ਜਾਣ ਦਾ ਇੱਕ ਨਿਯਮ ਹੀ ਬਣ ਗਿਆ ਸੀ।
ਆਉਂਦੇ ਤਿੰਨਾਂ
ਸਾਲਾਂ ਵਿੱਚ ਮੈਂ ਦੋ ਧੀਆਂ ਦੀ ਮਾਂ ਬਣ ਗਈ, ਬਥੇਰੀਆਂ ਗੱਲਾਂ ਹੁੰਦੀਆਂ ਪਰ ਜਦੋਂ ਵੀ
ਡੈਡੀ ਨੇ ਸਿਰ ਤੇ ਪਿਆਰ ਦੇਂਦੇ ਹੋਏ ਪੁੱਛਣਾ - "ਨਿੱਕੀਏ, ਤੂੰ ਖੁਸ਼ ਤੇ ਹੈਂ ਨਾ
ਪੁੱਤਰ?" ਬੱਸ ਹਿੰਮਤ ਨਾ ਪੈਣੀ ਦੱਸਣ ਦੀ ਕਿ ਮੇਰੇ ਨਾਲ ਕੀ ਹੁੰਦੀ ਹੈ। ਰੋਜ ਇਹੀ ਗੱਲ
ਸੁਨਣ ਨੂੰ ਮਿਲਦੀ ਕਿ ਸਾਨੂੰ ਵੀ ਕਦੇ ਪੋਤਰੇ ਦਾ ਮੂੰਹ ਵਿਖਾ ਦੇ, ਪਤਾ ਨਹੀਂ ਕਿੱਥੋਂ ਆ
ਗਈ ਇਹ ਕੁੜੀਆਂ ਜੰਮਣ ਵਾਲੀ। ਇਹਦੀ ਤੇ ਮਾਂ ਵੀ ਤਿੰਨ ਕੁੜੀਆਂ ਜੰਮੀ ਬੈਠੀ ਸੀ, ਉਹੋ
ਜਿਹੀ ਅੱਗੋਂ ਧੀ। ਫੇਰ ਇੱਕ ਦਿਨ ਭਰੀ -ਪੀਤੀ ਦੇ ਮੂੰਹੋਂ ਨਿਕਲ ਹੀ ਗਿਆ ਕਿ ਤੁਹਾਡੀਆਂ
ਵੀ ਤੇ ਤਿੰਨ ਧੀਆਂ ਨੇ, ਤੇ ਪਾਪਾ ਦੀਆਂ ਵੀ ਤੇ ਦੋ ਭੈਣਾਂ ਨੇ। ਬੱਸ ਪੁਛੋ ਨਾ ਫੇਰ ਤੇ
ਘਰ ਆਉਂਦਿਆਂ ਹੀ ਕੁਲਰਾਜ ਨੇ ਮੇਰੇ ਤੇ ਹੱਥ ਚੁੱਕਿਆ ਤੇ ਮੇਰੇ ਬੁੱਲ੍ਹ ਕੋਲੋਂ ਖੂਨ ਵੱਗ
ਤੁਰਿਆ। ਦੋਨੋ ਕੁੜੀਆਂ ਘਾਬਰੀਆਂ ਦਾਦੀ ਕੋਲ ਗਈਆਂ ਪਾਰ ਅੱਗੋਂ ਦਾਦੀ ਨੇ ਉਹਨਾਂ ਦੇ ਵੀ
ਇੱਕ-ਇੱਕ ਚਪੇੜ ਲੈ ਦਿੱਤੀ। ਕਿਸੇ ਤਰਾਂ ਉਸ ਦਿਨ ਉਹ ਤੂਫ਼ਾਨ ਠੰਡਾ ਹੋਇਆ ਪਰ ਫੇਰ ਇਹ
ਅਕਸਰ ਹੋਣ ਲੱਗ ਪਿਆ। ਕਦੇ ਮੇਰੇ ਮੰਮੀ-ਡੈਡੀ ਨੂੰ ਤੇ ਕਦੇ ਮੇਰੇ ਭੈਣ-ਜੀਜੇ ਦੇ ਨਾਂ ਤੇ ਮੇਹਣੇ ਵੱਜਦੇ ਹੀ ਰਹਿੰਦੇ ਕਿ ਉਹ ਮੇਰੇ ਲਈ ਕੁੱਝ ਕਰਦੇ ਹੀ ਨਹੀਂ ਜਾਂ ਕੁਲਰਾਜ ਨੂੰ ਠੀਕ ਢੰਗ ਨਾਲ ਨਹੀਂ ਵਰਤਦੇ।
ਅੱਜ ਵਿਆਹ ਨੂੰ ਵੀਹ ਸਾਲ ਹੋ ਗਏ ਨੇ, ਹਾਂ ਅੱਜ ਦੇ ਦਿਨ ਹੀ ਸਾਡਾ ਵਿਆਹ ਹੋਇਆ ਸੀ। ਮੰਮੀ ਤੇ
ਪਾਪਾ ਦੋਨੋ ਪੂਰੇ ਹੋ ਗਏ ਨੇ, ਵੱਡੀ ਕੁੜੀ ਹਰਲੀਨ ਬੀ. ਏ. ਦੂਜੇ ਸਾਲ ਵਿੱਚ ਹੈ ਤੇ
ਛੋਟੀ, ਜਸਲੀਨ ਬਾਹਰਵੀਂ ਵਿੱਚ। ਕੁਲਰਾਜ ਅੱਜ ਵੀ ਸਵੇਰੇ ਮੇਰੇ ਨਾਲ ਲੜ ਕੇ ਦਫ਼ਤਰ ਗਿਆ ਹੈ, ਕਾਰਣ, ਮੇਰਾ ਮੋਬਾਇਲ ਵਿੱਚ ਪੈਸੇ ਪੁਆਉਣ ਨੂੰ ਜੋ ਕਹਿ ਦਿੱਤਾ ਸੀ। ਨਾਲੇ ਫ਼ਰਮਾਨ ਜਾਰੀ ਹੋਇਆ ਕਿ ਅਗਲੇ ਦੱਸ ਦਿਨ ਤੂੰ ਘਰੋਂ ਬਾਹਰ ਨਹੀਂ ਜਾਏਂਗੀ, ਪੇਕੇ ਵੀ ਨਹੀਂ। ਮੈਂ ਸੋਚਦੀ
ਕਿ ਜਿਹੜਾ ਮੀਟ-ਮੁਰਗਾ ਖਾਂਦਾ ਸੀ ਉਹ ਮੇਰੇ ਨਾਲ ਕਿੱਦਾਂ ਦਾ ਸਲੂਕ ਕਰਦਾ ? ਕੀ ਇਹ
ਗੁਰਮੁੱਖ, ਦਿਨ ਵਿੱਚ ਨਿਤਨੇਮ ਕਰਨ ਵਾਲਾ, ਦੋ ਟਾਈਮ ਗੁਰੂ ਘਰ ਜਾਣ ਵਾਲਾ ਕਦੇ ਮੇਰੇ ਦਿਲ ਦੀ ਗੱਲ ਸੁਣੇਗਾ ? ਕੀ ਮੈਂ ਵੀ ਕਿਸੇ ਦਿਨ ਸੱਚਮੁੱਚ ਖੁਸ਼ ਹੋ ਕੇ
ਆਪਣੀਆਂ ਭੈਣਾਂ ਨੂੰ ਮਿਲਾਂਗੀ ? ਹੁਣ ਤੇ ਇੱਕ ਸਮਝੌਤਾ ਜਿਹਾ ਹੋ ਕੇ ਰਹਿ ਗਿਆ ਹੈ ਇਹ
ਵਿਆਹ ਬੱਸ ਮੇਰੀਆਂ ਧੀਆਂ ਠੀਕ-ਠਾਕ ਪੜ -ਲਿਖ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਤੇ
ਫੇਰ ਮੈਂ ਉਹਨਾਂ ਵਾਸਤੇ ਭਾਵੇਂ ਕੋਈ ਮੀਟ-ਮੁਰਗਾ ਖਾਣ ਵਾਲਾ ਹੀ ਸਹੀ ਪਰ ਪਿਆਰ ਕਰਨ ਵਾਲਾ
ਲੱਭ ਕੇ ਉਹਨਾਂ ਨੂੰ ਤੋਰ ਦਿਆਂ। ਬੱਸ ਇਹ ਗੱਲ ਪੱਕੀ ਹੈ ਕਿ ਉਹ ਸਾਫ ਦਿਲ ਹੋਣ ਦਾ ਲੋਕ
ਪ੍ਰਚਾਰ ਨਾ ਕਰਦਾ ਹੋਵੇ। ਸਮਾਜ ਵਿੱਚ ਤੇ ਬੜੀ ਸੋਭਾ ਹੈ ਕੁਲਰਾਜ ਦੀ ਪਰ ਮੈਨੂੰ ਹੀ ਪਤਾ ਹੈ ਕਿ ਉਹ ਅਸਲ ਵਿੱਚ ਕਿਸ ਤਰਾਂ ਦਾ ਹੈ।
ਮਿਲਣਾ ਉਸ ਨਾਲ ਇੱਕ ਇਤਫ਼ਾਕ ਸੀ ਜਾਂ ਮੇਰਾ ਨਸੀਬ ਸੀ, ਉਹ ਉਨ੍ਹਾਂ ਹੀ ਦੂਰ ਹੋ ਗਿਆ ਮੇਰੇ ਜਿੰਨੇ ਕ਼ਰੀਬ ਸੀ !
ਅੱਜ ਲਈ ਐਨਾਂ ਹੀ।
<script async src="//pagead2.googlesyndication.com/pagead/js/adsbygoogle.js"></script>
<script>
(adsbygoogle = window.adsbygoogle || []).push({
google_ad_client: "ca-pub-7979421484007145",
enable_page_level_ads: true
});
</script>
