Powered By Blogger

Monday, 23 October 2023

"ਟੀਟੂ ਮਟਰਾਂ ਵਾਲਾ"

 
ਗੱਲ ਥੋੜੀ ਪੁਰਾਣੀ ਹੈ ਜਦੋਂ ਇਕ ਵਾਰ ਫੇਰ ਤੋਂ ਰਾਜ ਤੇ ਸ਼ਹਿਰ ਵਿੱਚ  ਚੌਣਾ ਦਾ ਮਾਹੌਲ ਗ਼ਰਮ ਹੋਣ ਲੱਗ ਪਿਆ ਸੀ।
ਨਵੇਂ ਤੋਂ ਨਵਾਂ ਤੇ ਪੁਰਾਣੇ ਤੋਂ ਪੁਰਾਣਾ, ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਨੇਤਾ ਆਪਣੇ ਕੀਤੇ ਤੇ ਨਾ ਵੀ ਕੀਤੇ,ਜਾਂ ਕਿਸੇ ਹੋਰ ਦੇ ਕੀਤੇ ਕੰਮ ਗਿਣਾਉਣ ਲੱਗਾ ਹੋਇਆ ਸੀ। ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ - ਆਪਣੇ ਉਮੀਦਵਾਰ ਤਿਆਰ ਕਰ ਰਹੀਆਂ ਸੀ।  ਇੱਕ ਮੰਨ ਜਾਂਦਾ ਤੇ ਦੋ ਰੁੱਸ ਜਾਂਦੇ।  ਰੁੱਸਿਆ ਹੋਇਆ ਆਪਣੀ ਨਵੀਂ ਪਾਰਟੀ ਬਣਾਉਣ ਦੀ ਜਾਂ ਫੇਰ ਆਜ਼ਾਦ ਉੱਮੀਦਵਾਰ ਬਣ ਕੇ ਲੜਨ ਦੀ ਧਮਕੀ ਦੇਂਦਾ।  ਪਾਰਟੀ ਦੇ ਸਰਪਰਸਤ ਉਸਨੂੰ ਕੋਈ ਵੱਡਾ ਵਾਅਦਾ ਕਰ ਕੇ ਨਾਲ ਰਲਾ ਲੈਂਦੇ ਜਾਂ ਫੇਰ ਕੋਈ ਧਮਕੀ ਦੇ ਕੇ ਰੋਕ ਲੈਂਦੇ। 

ਇਸੇ ਦੌੜ ਭੱਜ ਵਿੱਚ ਟੀਟੂ ਮਟਰਾਂ ਵਾਲਾ, ਜਿਸਦਾ ਅਸਲੀ ਨਾਮ ਮੁਕੰਦ ਲਾਲ ਸੀ, ਨੂੰ ਵੀ ਉਸਦੇ ਮਿੱਤਰਾਂ-ਰਿਸ਼ਤੇਦਾਰਾਂ ਨੇ ਹੱਲਾਸ਼ੇਰੀ ਦੇ ਕੇ ਚੌਣ ਲੜਨ ਲਈ ਰਾਜ਼ੀ ਕਰ ਲਿਆ।  ਮੁਕੰਦ ਲਾਲ, ਜਿਸ ਨੂੰ ਲੋਗ ਮੁਕੰਦੀ ਕਹਿੰਦੇ ਸੀ ਤੇ ਬਾਅਦ ਵਿੱਚ ਉਸਦੇ ਛੋਟੇ ਨਾਮ ਤੇ ਕੰਮ ਨੂੰ ਮਿਲਾ ਕੇ ਟੀਟੂ ਮਟਰਾਂ ਵਾਲਾ ਦੇ ਨਾਂ ਤੋਂ ਜਾਨਣ ਲੱਗ ਪਏ ਸੀ।  ਵੈਸੇ ਟੀਟੂ ਮਟਰ ਬਣਾਉਂਦਾ ਵੀ ਬੜੇ ਸਵਾਦ ਸੀ, ਛੋਟੀ ਜਿਹੀ ਦੁਕਾਨ ਸੀ ਪਰ ਸਮਾਨ ਰੋਜ਼ ਦੇ ਰੋਜ਼ ਤਾਜ਼ਾ ਹੀ ਬਣਾਉਂਦਾ ਸੀ। ਦੁਕਾਨ ਦੇ ਆਸ-ਪਾਸ ਦੋ ਤਿੰਨ ਕਾਰਖ਼ਾਨੇ ਸੀ ਤੇ ਉਹਨਾਂ ਦੀ ਲੇਬਰ ਇਸਦੀ ਦੁਕਾਨ ਤੋਂ ਚਾਹ ਪੀਣ ਲਈ ਆਉਂਦੇ ਸੀ।  ਬੱਸ ਦਾਲ-ਫੁਲਕਾ ਚੱਲੀ ਜਾਂਦਾ ਸੀ। 

ਖ਼ੈਰ ਕਿਸੇ ਤਰਾਂ ਦੋਸਤਾਂ-ਮਿੱਤਰਾਂ ਤੋਂ ਪੈਸੇ ਕੱਠੇ ਕਰ, ਆਜ਼ਾਦ ਉੱਮੀਦਵਾਰ ਵਜੋਂ ਚੋਣ ਲੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ, ਚੌਣ ਨਿਸ਼ਾਨ ਮਿਲਿਆ "ਕੜਛੀ" ! ਬੜਾ ਖੁਸ਼ ਪਰ ਪਰੇਸ਼ਾਨ ਵੀ ਸੀ ਕਿ ਮੈਨੂੰ ਤੇ ਬੋਲਣਾ ਵੀ ਨਹੀਂ ਆਉਂਦਾ, ਬੋਲਾਂ ਤੇ ਬੋਲਾਂ ਕੀ ? ਆਪਣੇ ਆਸ-ਪਾਸ ਰਹਿਣ ਵਾਲਿਆਂ ਦੇ ਘਰ ਗਿਆ ਤੇ ਵੋਟਾਂ ਪਾਉਣ ਲਈ ਆਖਿਆ, ਕਿਸੇ ਨੇ ਕਿਹਾ ਕਿ ਸੜਕਾਂ ਟੁੱਟੀਆਂ ਹੋਈਆਂ ਨੇ, ਕਿਸੇ ਨੇ ਬੱਤੀ ਨਾ ਆਉਣ ਦੀ ਤੇ ਕਿਸੇ ਨੇ ਮਹਿੰਗੇ ਚੀਨੀ -ਤੇਲ - ਸਾਬਣ ਬਾਰੇ ਗੱਲ ਕੀਤੀ। ਵੈਸੇ ਬਹੁਤੇ ਬੰਦਿਆਂ ਨੇ ਮਹਿੰਗੀ ਖੰਡ ਬਾਰੇ ਕੁੱਝ ਕਰਨ ਨੂੰ ਕਿਹਾ। ਉਹਨਾਂ ਦਿਨਾਂ ਵਿੱਚ ਸਰਕਾਰ ਨੇ ਚੀਨੀ ਤੇ ਬੜੀ ਪਾਬੰਦੀ ਲਾਈ ਹੋਈ ਸੀ, ਕੋਈ ਵੀ ਸ਼ਰੇਆਮ ਵੇਚ ਨਹੀਂ ਸਕਦਾ ਸੀ ਬਸ ਰਾਸ਼ਣ ਵਾਲੇ ਡੀਪੂ ਤੇ ਲਾਈਨ ਲਾ ਕੇ ਵੇਚੀ ਜਾਂਦੀ ਸੀ। ਗੱਲਾਂ ਤੇ ਬਹੁਤ ਪਤਾ ਲੱਗੀਆਂ ਪਰ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਰੈਲੀ ਵਿਚ ਬੋਲਣਾ ਕੀ ਹੈ।

ਸਵੇਰੇ ਦੁਕਾਨ ਤੇ ਆਏ ਚਾਚੇ ਰੌਣਕੀ ਨੂੰ ਪੁੱਛਿਆ ਤੇ ਉਸਨੇ ਤੇ ਜਿਵੇਂ ਸੰਜੀਵਨੀ ਬੂਟੀ ਹੀ ਦੇ ਦਿੱਤੀ।  ਉਸ ਆਖਿਆ ਕਿ ਕਿਸੇ ਵੀ ਨੇਤਾ ਨੂੰ ਕੁੱਝ ਵੀ ਪਤਾ ਨਹੀਂ ਹੁੰਦਾ ਤੇ ਇਸੇ ਤਰਾਂ ਸੁਨਣ ਵਾਲੇ ਵੀ ਬਹੁਤਾ ਧਿਆਨ ਨਹੀਂ ਦਿੰਦੇ ਕਿ ਉਹਨਾਂ ਦਾ ਨੇਤਾ ਕੀ ਬੋਲ ਰਿਹਾ ਹੈ ਉਹ ਤੇ ਬੱਸ ਕਿਸੇ ਇੱਕ ਗੱਲ ਨੂੰ ਫੜ ਉਸਨੂੰ ਚੋਣਾਂ ਜਿਤਾ ਦਿੰਦੇ ਨੇ।  ਇਸ ਕਰ ਕੇ ਬੱਸ ਗੱਲ ਨਾਲ ਗੱਲ ਜੋੜੀ ਚਲੋ, ਇਕ ਦੋ ਪੁਰਾਣੇ ਲੀਡਰਾਂ ਦੇ ਨਾਂ ਲਓ, ਇੱਕ ਦੋ ਦੇਸ਼ਾਂ ਦੇ ਨਾਂ ਲਓ, ਇੱਕ-ਦੋ ਮੁੱਦੇ ਚੱਕ ਲਓ ਤੇ ਗੱਲ ਕਰੀ ਚਲੋ ਬੱਸ ਅੰਤ ਵਿੱਚ ਆਪਣੇ ਲਈ ਵੋਟ ਮੰਗ ਕੇ ਗੱਲ ਖ਼ਤਮ ਕਰ ਛੱਡੋ। 

ਤੇ ਫੇਰ ਉਹ ਦਿਨ ਵੀ ਆ ਗਿਆ ਜਦ ਮੁਕੰਦ ਲਾਲ, ਮੁਕੰਦੀ, ਟੀਟੂ ਮਟਰਾਂ ਵਾਲੇ ਨੂੰ ਸੁਨਣ ਲਈ ਕੋਈ ਦੋ-ਢਾਈ ਸੋ ਬੰਦਾ ਕੱਠਾ ਹੋ ਗਿਆ।  ਟੀਟੂ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ -

ਮਿਤਰੋਂ, ਭੇਣੋਂ ਤੇ ਭਰਾਵੋ, ਨਾ ਤੇ ਮੈਂ ਕੋਈ ਸਪੀਕਰ ਹਾਂ ਤੇ ਨਾ ਹੀ ਕੋਈ ਲਾਊਡ ਸਪੀਕਰ,
ਸਪੀਕਰਾਂ ਵਿਚੋਂ ਸਪੀਕਰ ਸਰਦਾਰ ਪਟੇਲ,
ਪਟੇਲ ਜੀ ਨੂੰ ਲੋਹੇ ਦਾ ਇਨਸਾਨ ਮਤਲਬ ਆਯਰਨ ਮੈਨ ਵੀ ਕਿਹਾ ਜਾਂਦਾ ਸੀ,
ਲੋਹਾ ਭਲਈ ਦੀ ਖਾਣ ਵਿਚੋਂ ਕੱਢਿਆ ਜਾਂਦਾ ਹੈ,
ਭਲਈ ਦੀ ਖਾਣ ਦਾ ਉਦਘਾਟਨ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਕੀਤਾ ਸੀ,
ਨਹਿਰੂ ਜੀ ਨੂੰ ਲੋਕ ਚਾਚਾ ਨਹਿਰੂ ਵੀ ਕਹਿੰਦੇ ਸੀ,
ਚਾਚਾ ਨਹਿਰੂ ਅਕਸਰ ਅਚਕਨ ਜਾਂ ਬੰਦ ਗਲੇ ਵਾਲਾ ਕੋਟ ਪਾਉਂਦੇ ਸੀ,
ਆਪਣੇ ਕੋਟ ਉੱਤੇ ਉਹ ਗੁਲਾਬ ਦਾ ਫੁੱਲ ਲਗਾਉਂਦੇ ਸੀ,
ਗੁਲਾਬ ਜਿਸਤੋਂ ਗੁਲਕੰਦ ਬਣਦੀ ਹੈ ਤੇ ਗੁਲਕੰਦ ਕਈ ਬਿਮਾਰੀਆਂ ਨੂੰ ਜੜ ਤੋਂ ਖ਼ਤਮ ਕਰ ਦਿੰਦੀ ਹੈ,
ਜੜਾਂ ਤੇ ਖ਼ਰਬੂਜ਼ੇ ਦੀਆਂ ਬਹੁਤ ਹੀ ਲੰਬੀਆਂ ਹੁੰਦੀਆਂ ਨੇ,
ਖਰਬੂਜ਼ਾ, ਖ਼ਰਬੂਜ਼ੇ ਨੂੰ ਦੇਖ ਕੇ ਰੰਗ ਬਦਲਦਾ ਹੈ,
ਤੇ ਰੰਗ ਪੱਕੇ ਨੇ ਜਰਮਨ ਦੇ,
ਜਰਮਨ ਦੇਸ਼ ਨੇ ਬੜੀਆਂ ਵਾਰਾਂ ਲੜੀਆਂ ਨੇ,
ਵਾਰਾਂ ਵਿਚੋਂ ਵਾਰ ਮੰਗਲ ਵਾਰ,
ਮੰਗਲ ਵਾਰ ਨੂੰ ਲੋਕ ਹਨੂਮਾਨ ਜੀ ਦੀ ਪੂਜਾ ਕਰਦੇ ਨੇ,
ਹਨੂਮਾਨ ਜੀ ਨੇ ਪਹਾੜ ਚੱਕ ਲਿਆਂਦਾ ਸੀ,
ਪਹਾੜਾਂ ਵਿਚੋਂ ਪਹਾੜ - ਹਿਮਾਲਿਆ ਪਹਾੜ,
ਹਿਮਾਲਿਆ ਪਹਾੜ ਦੇ ਕੋਲ ਦੋ ਤਰਾਂ ਦੇ ਚੀਨੀ ਨੇ,
ਇੱਕ ਚੀਨੀ ਉਹ ਜੋ ਚੀਨ ਦੇਸ਼ ਵਿੱਚ ਰਹਿੰਦੇ ਨੇ ਤੇ ਇੱਕ ਚੀਨੀ ਉਹ ਜਿਹੜੀ ਮਹਿੰਗੀ ਬਹੁਤ ਹੋ ਗਈ ਹੈ। 
ਮੌਜੂਦਾ ਸਰਕਾਰ ਨੇ ਆਪਣੇ ਕੰਟਰੋਲ ਵਿੱਚ ਰੱਖੀ ਹੋਈ ਹੈ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਸਭ ਨੂੰ ਸਸਤੀ ਦਰ ਤੇ ਮਿਲੇ ਤੇ ਮੈਨੂੰ ਵੋਟ ਪਾ ਕੇ ਸਫ਼ਲ ਬਣਾਓ। 
ਮੈਂ ਕੜਛੀ ਫੜ ਕੇ ਵਾਅਦਾ ਕਰਦਾ ਹਾਂ ਕਿ ਮੈਂ ਇਸਨੂੰ ਸਸਤਾ ਕਰਾ ਕੇ ਸਭ ਨੂੰ ਫ਼ਾਇਦਾ ਕਰਾ ਦਿਆਂਗਾ।
ਭਾਰਤ ਮਾਤਾ ਦੀ ਜੈ ! ਜੈ ਹਿੰਦ ! ਵੰਦੇ ਮਾਤਰਮ !


ਸੁਨਣ ਵਾਲੇ ਹੱਸ ਹੱਸ ਕੇ ਝੱਲੇ ਹੋਏ ਪਏ ਸੀ, ਤੇ ਅੰਤ ਵਿੱਚ ਨਤੀਜਾ ਟੀਟੂ ਮਟਰਾਂ ਵਾਲੇ ਦੇ ਹਕ਼ ਵਿੱਚ ਹੋਇਆ ਤੇ ਉਹ ਚੋਣਾਂ ਜਿੱਤ ਗਿਆ।

ਬਸ ਇਹੀ ਕੁੱਝ ਚੱਲ ਰਿਹਾ ਹੈ ਅੱਜਕਲ। ਅਵਾ ਤਵਾ ਬੋਲਣ ਵਾਲੇ ਸਾਡੇ ਨੇਤਾ ਬਣੀ ਬੈਠੇ ਨੇ ਤੇ ਅਸੀਂ ਉਹਨਾਂ ਦੀਆਂ ਇਹ ਊਲਜਲੂਲ ਗੱਲਾਂ ਸੁਣ ਕੇ ਉਹਨਾਂ ਨੂੰ ਵੋਟਾਂ ਪਾਈ ਤੁਰੀ ਜਾ ਰਹੇ ਹਾਂ।  ਅਸੀਂ ਇਹ ਵੀ ਨਹੀਂ ਸੋਚਦੇ ਕਿ ਸਾਡਾ ਨੇਤਾ ਕਿੰਨਾ ਪੜਿਆ ਲਿਖਿਆ ਹੋਇਆ ਹੈ, ਉਸ ਦੀ ਗੱਲ ਕਿਤੇ ਬਹੁਤੀ ਹਲਕੀ ਤੇ ਨਹੀਂ ? ਕਿ ਕੱਲ ਨੂੰ ਉਹ ਸਾਡੀ ਕੋਈ ਸਮੱਸਿਆ ਹੱਲ ਵੀ ਕਰ ਸਕੇਗਾ ਜਾਂ ਖੁਦ ਕੋਈ ਸਮੱਸਿਆ ਬਣ ਜਾਏਗਾ ? ਬਾਕੀ ਚੰਗੀਆਂ ਗੱਲਾਂ ਦਾ ਕੀ ਹੈ ਉਹ ਤੇ ਕੰਧ ਉੱਤੇ ਵੀ ਲਿਖੀਆਂ ਹੁੰਦੀਆਂ ਨੇ, ਅਸੀਂ ਕੰਧ ਨੂੰ ਤੇ ਵੋਟ ਨਹੀਂ ਪਾ ਦੇਣੀ !
ਸੱਚ ਹੀ ਕਹਿੰਦੇ ਨੇ ਬਈ ਹਾਥੀ ਦੇ ਦੰਦ ਦਿਖਾਉਂਣ ਦੇ ਹੋਰ ਤੇ ਖਾਉਂਣ ਦੇ ਹੋਰ ਤੇ ਇਹਨਾਂ ਨੇਤਾਵਾਂ ਦੇ ਵਾਅਦੇ ਵੀ ਭਰਮਾਉਣ ਦੇ ਹੋਰ ਤੇ ਨਿਭਾਉਣ ਦੇ ਹੋਰ ! 


                                                            ਅੱਜ ਲਈ ਇਤਨਾ ਹੀ...

                                                                        || ਇਤਿ ||

<script async src="//pagead2.googlesyndication.com/pagead/js/adsbygoogle.js"></script>
<script>
     (adsbygoogle = window.adsbygoogle || []).push({
          google_ad_client: "ca-pub-7979421484007145",
          enable_page_level_ads: true
     });
</script>

Monday, 16 January 2023

ਵੱਡੇ ਬੰਦੇ?

ਇਸ ਵਾਰ ਝੋਨੇ ਦੀ ਪੈਦਾਵਾਰ ਅੱਗੇ ਨਾਲੋਂ ਵਧੀਆ ਹੋਈ ਸੀ ਤੇ ਉੱਮੀਦ ਸੀ ਕਿ ਸਿੱਧੀ ਬਿਜਾਈ ਕਰਨ ਕਰਕੇ ਮੁਨਾਫ਼ਾ ਵੀ ਅੱਗੇ ਨਾਲੋਂ ਵੱਧ ਹੋਵੇਗਾ।  ਬਚਨ ਸਿੰਘ ਹੁਣੀ ਹਮੇਸ਼ਾਂ ਦੀ ਵਾਂਗ ਨਵੀਂ ਫ਼ਸਲ ਮੰਡੀ ਲੈ ਕੇ ਜਾਣ ਤੋਂ ਪਹਿਲਾਂ ਅੰਮ੍ਰਿਤਸਰ ਪਿੰਗਲਵਾੜੇ ਵਿੱਚ ਦੇਣ ਲਈ ਤੇ ਨਾਲੇ ਦਰਬਾਰ ਸਾਹਿਬ ਸ਼ੁਕਰਾਣੇ ਵਜੋਂ ਮੱਥਾ ਵੀ ਟੇਕਣਾ ਚਾਹੁੰਦੇ ਸੀ।  ਫਤਿਹ ਨੂੰ ਵੀ ਮਹੀਨੇ ਦੇ ਦੂਜੇ ਸ਼ਨੀਵਾਰ ਦੀ ਛੁੱਟੀ ਸੀ, ਸੋ ਉਹ ਵੀ ਨਾਲ ਚੱਲ ਪਿਆ।  ਜਲੰਧਰੋਂ ਕਰੀਬ ਦੋ ਘੰਟੇ ਲੱਗਦੇ ਨੇ ਬਸ ਇਹੀ ਸੋਚ ਕੇ ਬਚਨ ਸਿੰਘ ਆਪ ਗੱਡੀ ਚਲਾ ਕੇ ਘਰੋਂ ਨਿਕਲ ਪਏ। 

ਰਸਤੇ ਵਿੱਚ ਬਚਨ ਸਿੰਘ ਤੇ ਉਹਨਾਂ ਦੀ ਘਰੋਂ, ਪਰਕਾਸ਼ ਕੌਰ ਗੱਲਾਂ ਕਰਦੇ ਆ ਰਹੇ ਸੀ ਤੇ ਨਾਲੇ ਫਤਿਹ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਰੇ ਵੀ ਦੱਸਦੇ ਹੋਏ ਬੜਾ ਫ਼ਖ਼ਰ ਮਹਿਸੂਸ ਕਰ ਰਹੇ ਸੀ।  ਉਹਨਾਂ ਦੱਸਿਆ ਬਈ ਕਿਵੇਂ ਇਹ ਗੁਰਦੁਆਰਾ ਐਨਾ ਮਸ਼ਹੂਰ ਹੋਇਆ ਹੈ ਤੇ ਕਿਵੇਂ ਇਸਦੀ ਗਿਣਤੀ ਭਾਰਤ ਦੇ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਧਾਰਮਿਕ ਸਥਾਨ ਵਜੋਂ ਹੈ।  ਕਿਦਾਂ ਇੱਥੇ ਹਰ ਵੇਲੇ ਲੰਗਰ ਚੱਲਦਾ ਰਹਿੰਦਾ ਹੈ ਤੇ ਕਿਵੇਂ ਲੋਗ ਦੂਰੋਂ-ਦੂਰੋਂ ਆ ਕੇ ਨਾ ਕੇਵਲ ਲੰਗਰ ਛੱਕਦੇ ਨੇ ਬਲਕਿ ਲੰਗਰ ਦੀ ਸੇਵਾ ਵੀ ਕਰਦੇ ਨੇ।  ਗੱਲਾਂ-ਗੱਲਾਂ ਵਿੱਚ ਮੁਗ਼ਲ ਬਾਦਸ਼ਾਹ ਅਕਬਰ ਦਾ ਵੀ ਜ਼ਿਕਰ ਛਿੜ ਪਿਆ ਤੇ ਦਾਦੀ ਪਰਕਾਸ਼ ਕੌਰ ਨੇ ਦੱਸਿਆ ਬਈ ਕਿਵੇਂ ਉਹ ਵੀ ਇੱਥੇ ਇਕ ਸਧਾਰਣ ਮਤਲਬ ਇੱਕ ਆਮ ਆਦਮੀ ਬਣ ਕੇ ਆਇਆ ਸੀ ਤੇ ਜ਼ਮੀਨ ਤੇ ਬੈਠ ਕੇ ਸੰਗਤਾਂ ਨਾਲ ਲੰਗਰ ਛਕਿਆ ਸੀ। ਅਕਬਰ ਬਾਦਸ਼ਾਹ ਨੂੰ ਐਵੇਂ ਹੀ ਮਹਾਨ ਨਹੀਂ ਕਹਿੰਦੇ, ਉਹ ਆਮ ਜਨਤਾ ਦਾ ਬੜਾ ਖ਼ਿਆਲ ਰੱਖਦਾ ਸੀ।

ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਅੰਮ੍ਰਿਤਸਰ ਦੇ ਨੇੜੇ ਪਹੁੰਚ ਗਏ, ਪਹਿਲੇ ਪਿੰਗਲਵਾੜਾ ਗਏ, ਪੰਜ ਤੋੜੇ ਵਧੀਆ ਵਾਲੀ ਬਾਸਮਤੀ ਦੇ ਭੇਟਾ ਵਜੋਂ ਦਿੱਤੇ, ਰਸੀਦ ਕਟਾਈ ਤੇ ਦਰਬਾਰ ਸਾਹਿਬ ਵਾਸਤੇ ਚੱਲ ਪਏ। ਗੱਡੀ ਪਾਰਕਿੰਗ ਵਿੱਚ ਲਗਾ ਕੇ ਪੈਦਲ ਹੀ ਦਰਬਾਰ ਸਾਹਿਬ ਵੱਲ ਚੱਲ ਪਏ।  ਚਲਦੇ ਹੋਏ ਲੱਗ ਰਿਹਾ ਸੀ ਕਿ ਸਾਰੀ ਦੁਨੀਆਂ ਹੀ ਅੱਜ ਇੱਥੇ ਆ ਗਈ ਹੈ। ਬਹੁਤ ਹੀ ਜ਼ਿਆਦਾ ਭੀੜ ਸੀ।  ਲੋਗ ਇੱਕ ਦੂਜੇ ਵਿੱਚ ਵੱਜਦੇ, ਆਪਣਾ ਰਸਤਾ ਬਣਾਉਂਦੇ ਹੋਏ ਚਲੇ ਜਾ ਰਹੇ ਸੀ।  ਜੋੜੇ ਜਮਾਂ ਕਰਾ ਕੇ ਅੰਦਰ ਪਹੂੰਚੇ ਤੇ ਅੰਦਰ ਹੋਰ ਵੀ ਭੀੜ। ਲੰਗਰ ਛੱਕਣ ਤੋਂ ਬਾਅਦ ਜਦੋਂ ਦਰਸ਼ਨੀ ਡਿਓਢੀ ਤੱਕ ਪਹੁੰਚੇ ਤੇ ਬਾਹਰ ਤੱਕ ਕਤਾਰ ਲੱਗੀ ਹੋਈ ਸੀ। ਹਾਲਾਂਕਿ ਪਰਕਾਸ਼ ਕੌਰ ਦੇ ਗੋਡੇ ਦੁੱਖ ਰਹੇ ਸੀ ਫੇਰ ਵੀ ਹੋਂਸਲਾ ਕਰ ਕੇ ਉਹ ਵੀ ਲਾਈਨ ਵਿੱਚ ਜਾ ਖੜੇ ਹੋਏ।  ਲੱਗਦਾ ਸੀ ਕਿ ਇੱਕ ਘੰਟੇ ਵਿੱਚ ਦਰਸ਼ਨ ਹੋ ਜਾਣਗੇ।

ਇੱਧਰ ਉੱਧਰ ਦੇਖਦੇ ਹੋਏ, ਕੀਰਤਨ ਸੁਣਦੇ ਤੇ ਵਾਹਿਗੁਰੂ-ਵਾਹਿਗੁਰੂ ਕਰਦੇ ਹੋਏ ਤਿੰਨੋ ਬਿੱਲਕੁਲ ਦਰਵਾਜ਼ੇ ਕੋਲ ਪਹੁੰਚੇ ਹੀ ਸੀ ਕਿ ਕਿਸੇ ਨੇ ਸਭ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਕਿਉਂਕਿ ਕਿਸੇ ਸਾਬਕਾ ਮੰਤਰੀ ਦੀ ਸਾਂਸਦ ਵਹੁਟੀ ਨੇ ਅੰਦਰ ਜਾਣਾ ਸੀ।  ਸਾਰਿਆਂ ਨੂੰ ਬਹੁਤ ਮਾੜਾ ਲੱਗ ਤੇ ਰਿਹਾ ਸੀ ਪਰ ਬੋਲੇ ਕੌਣ।  ਫਤਿਹ ਪੁੱਛਣ ਲੱਗਾ " ਦਾਦਾ ਜੀ, ਕੀ ਇਹ ਸਾਬਕਾ ਮੰਤਰੀ ਦੀ ਵਹੁਟੀ ਅਕਬਰ ਨਾਲੋਂ ਵੀ ਵੱਡੀ ਹੈ ਜਾਂ ਇਸਨੇ ਅਕਬਰ ਬਾਰੇ ਸੁਣਿਆ ਹੀ ਨਹੀਂ ? ਕੀ ਇਹ ਸਾਡੇ ਵਾਂਗ ਲਾਈਨ ਵਿੱਚ ਨਹੀਂ ਲੱਗ ਸਕਦੀ ?" ਬਚਨ ਸਿੰਘ ਜੀ ਤੇ ਆਪ ਵਹੁਟੀ ਪਰਕਾਸ਼ ਕੌਰ ਦੇ ਗੋਡਿਆਂ ਦੀ ਦਰਦ ਕਰਕੇ ਪਰੇਸ਼ਾਨ ਸੀ, ਕੋਲ ਖੜੇ ਸੇਵਾਦਾਰ ਨੂੰ ਹੀ ਕਹਿਣ ਲੱਗੇ ਕਿ ਇਹ ਗੁਰੂ ਘਰ ਹੈ ਇੱਥੇ ਸੱਬ ਬਰਾਬਰ ਨੇ ਤੇ ਫੇਰ ਐਨੀ ਸੰਗਤ ਨੂੰ ਛੱਡ ਕੇ ਤੁਸੀਂ ਕਿਵੇਂ ਕਿਸੇ ਨੂੰ ਤਰਜ਼ੀਹ ਦੇ ਸਕਦੇ ਹੋ ? ਅੱਗੋਂ ਸੇਵਾਦਾਰ ਵੀ ਕਹਿਣ ਲੱਗਾ ਕਿ ਇਸ ਵਿੱਚ ਅਸੀਂ ਵੀ ਕੀ ਕਰ ਸਕਦੇ ਹਾਂ ਸਾਨੂੰ ਤੇ ਜਿਵੇਂ ਉੱਪਰੋਂ ਕਿਹਾ ਜਾਂਦਾ ਹੈ ਉਵੇਂ ਹੀ ਕਰਨਾ ਪੈਂਦਾ ਹੈ। ਜੇ ਅਸੀਂ ਸਿਰੋਪਾ ਦੇ ਦਈਏ ਤਾਂ ਡਾਂਟ ਜੇ ਨਾ ਦਈਏ ਤਾਂ ਡਾਂਟ, ਹੁਣ ਅਸੀਂ ਵੀ ਕੀ ਕਰੀਏ ? ਜੇ ਰਸਤਾ ਦੇ ਦਿੱਤਾ ਤੇ ਤੁਸੀਂ ਲੋਕ ਸਾਨੂੰ ਲਾਹਨਤਾਂ ਪਾਉਂਦੇ ਹੋ, ਜੇ ਨਾ ਦਈਏ ਤਾਂ ਵੱਡੇ ਸਾਹਬ ਕੋਲੋਂ ਝਿੜਕਾਂ। 

ਫਤਿਹ, ਬਚਨ ਸਿੰਘ ਤੇ ਪਰਕਾਸ਼ ਕੌਰ ਦੀ ਸਾਰੀ ਸ਼ਰਧਾ ਤੇ ਜਿਵੇਂ ਖ਼ਤਮ ਹੀ ਹੋ ਗਈ।  ਸੋਚਣ ਲੱਗੇ ਬਈ ਹੁਣ ਤੱਕ ਘੱਟੋ-ਘੱਟ ਗੁਰੂ ਘਰ ਵਿੱਚ ਸੱਬ ਬਰਾਬਰ ਮੰਨੇ ਜਾਂਦੇ ਸੀ ਪਰ ਇਹਨਾਂ ਸਮਾਜ ਦੇ ਮੋਹਤਬਰ ਲੋਕਾਂ ਨੇ ਤੇ ਨਵਾਂ ਹੀ ਰਿਵਾਜ਼ ਤੋਰ ਦਿੱਤਾ ਹੈ, ਇਹਨਾਂ ਲੋਕਾਂ ਨੂੰ ਹਰ ਥਾਂ ਤੇ ਤਰਜੀਹੀ ਚਾਹੀਦੀ ਹੈ।  ਜ਼ਰਾ ਵੀ ਸਬਰ ਨਹੀਂ ਸ਼ਾਇਦ ਪੰਗਤ ਵਿੱਚ ਲੱਗਣ ਨਾਲ ਇਹਨਾਂ ਦੀ ਸ਼ਾਨ ਵਿੱਚ ਫ਼ਰਕ ਪੈਂਦਾ ਹੋਣਾ ਹੈ। ਵੱਡਾ ਆਦਮੀ ਉਹ ਨਹੀਂ ਹੁੰਦਾ ਜੋ ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਜਾਇ ਬਲਕਿ ਉਹ ਹੁੰਦਾ ਹੈ ਜਿਸ ਨੂੰ ਮਿਲ ਕੇ ਕੋਈ ਛੋਟਾ ਮਹਿਸੂਸ ਨਾ ਕਰੇ।  ਤੁਸੀਂ ਵੀ ਆਪਣੇ ਘਰ ਦੇ ਆਸਪਾਸ ਕਿਸੇ ਵੀ ਧਾਰਮਿਕ ਸਥਾਨ ਤੇ ਦੇਖ ਲੈਣਾ, ਇਹੀ ਕੁੱਛ ਹੋ ਰਿਹਾ ਹੈ।  ਵੱਡੇ ਬੰਦੇ ਤੇ ਲੰਗਰ ਵੀ ਅਲੱਗ ਬੈਠ ਕੇ ਛੱਕਦੇ ਨਜ਼ਰ ਆਉਂਦੇ ਨੇ। ਕੀ ਤੁਹਾਨੂੰ ਵੀ ਇਹ ਗ਼ਲਤ ਨਹੀਂ ਲੱਗਦਾ ?

ਸੋਚਣਾ ਜ਼ਰੂਰ !

                                                                    ਅੱਜ ਲਈ ਇਤਨਾ ਹੀ...

                                                                              || ਇਤਿ ||

<script async src="//pagead2.googlesyndication.com/pagead/js/adsbygoogle.js"></script>
<script> (adsbygoogle = window.adsbygoogle || []).push({ google_ad_client: "ca-pub-7979421484007145", enable_page_level_ads: true }); </script>