ਅੱਜ ਬਚਨ ਸਿੰਘ ਹੁਣਾਂ ਦੇ ਘਰ ਬੜੀ ਰੌਣਕ ਜਿਹੀ ਸੀ, ਫਤਿਹ ਆਪਣੇ ਨਾਨਕੇ ਤੋਂ ਵਾਪਿਸ ਜੋ
ਆਇਆ ਸੀ। ਗਰਮੀਆਂ ਦੀਆਂ ਛੁੱਟੀਆਂ ਸੀ ਤੇ ਫਤਿਹ ਦੇ ਨਾਨਾ -ਨਾਨੀ ਦੇ ਬਹੁਤ ਕਹਿਣ ਤੇ
ਫਤਿਹ ਇੱਕ ਹਫ਼ਤੇ ਲਈ ਨਾਨਕੇ ਰਹਿਣ ਲਈ ਚਲਾ ਗਿਆ ਸੀ। ਅੱਜ ਦੋਨੋ ਦਾਦਾ ਪੋਤਾ ਬੜੇ ਦਿਨਾਂ
ਬਾਦ ਇਕੱਠੇ ਹੋਏ ਸੀ ਤੇ ਢੇਰ ਸਾਰੀਆਂ ਗੱਲਾਂ ਬਾਤਾਂ ਕਰਨ ਨੂੰ ਸੀ। ਹਾਲ-ਚਾਲ ਪੁੱਛਣ
ਤੋਂ ਬਾਅਦ, ਚਾਹ ਪਾਣੀ ਦਾ ਦੌਰ ਚੱਲ ਰਿਹਾ ਸੀ ਤੇ ਜਲੰਧਰ, ਸੇੰਟ੍ਰਲ ਟਾਊਨ ਵਾਲੇ ਜਵਾਲੇ
ਦੇ ਦਾਲ ਦੇ ਪਕੌੜੇ ਛਕੇ ਜਾ ਰਹੇ ਸੀ। ਬਚਨ ਸਿੰਘ ਜੀ ਨੂੰ ਇਹ ਪਕੌੜੇ ਬੜੇ ਪਸੰਦ ਸੀ, ਤੇ
ਇਸੇ ਵਾਸਤੇ ਫਤਿਹ ਦੀ ਮੰਮੀ, ਜਸਜੀਤ, ਆਉਂਦੇ ਹੋਏ ਲੈ ਕੇ ਆਈ ਸੀ।
ਚਾਹ
ਪਾਣੀ ਤੋਂ ਵਿਹਲੇ ਹੋ ਕੇ, ਜਸਜੀਤ, ਫਤਿਹ ਦੇ ਤੇ ਆਪਣੇ ਕੱਪੜੇ ਸਾਂਭਣ ਲੱਗ ਪਈ ਤੇ ਨਾਲੇ
ਜਲੰਧਰੋਂ ਲਿਆਂਦੇ ਨਵੇਂ ਕੱਪੜੇ ਆਪਣੀ ਸੱਸ, ਪਰਕਾਸ਼ ਕੌਰ ਹੁਣਾ ਨੂੰ ਦਿਖਾਣ ਲੱਗ ਪਈ।
ਫਤਿਹ ਨੂੰ ਵੀ ਉਸਦੇ ਨਾਨਾ - ਨਾਨੀ ਨੇ ਕੁੱਝ ਖਿਡੋਣੇ ਲੈ ਕੇ ਦਿੱਤੇ ਸੀ, ਉਹ ਉਹਨਾਂ ਨਾਲ
ਖੇਡਣ ਲੱਗ ਪਿਆ ਤੇ ਬਚਨ ਸਿੰਘ ਵੀ ਰੋਜ਼ ਵਾਂਗ, ਅੱਜ ਦੀ ਅਖ਼ਬਾਰ ਲੈ ਕੇ ਬੈਠ ਗਏ ਤੇ ਨਾਲੇ
ਟੈਲੀਵਿਜ਼ਨ ਤੇ ਕੀਰਤਨ ਸੁਨਣ ਲੱਗੇ। ਰਾਤ ਦੀ ਰੋਟੀ ਬਣਾ ਕੇ ਜਦੋਂ ਸਾਰੇ ਕੱਠੇ ਬੈਠ ਕੇ
ਖਾ ਰਹੇ ਸੀ ਤਾਂ ਫਤਿਹ ਨੂੰ ਛੇੜਦੇ ਹੋਏ ਦਾਦਾ, ਫਤਿਹ ਸਿੰਘ ਪੁੱਛਣ ਲੱਗੇ, ਹੋਰ ਸੁਣਾ
ਕਾਕਾ ਕਿੱਦਾਂ ਦਾ ਏ ਤੇਰਾ ਨਾਨਕਾ ਪਿੰਡ ? ਅੱਗੋਂ ਫਤਿਹ ਵੀ ਹੱਸ ਕੇ ਕਹਿਣ ਲੱਗਾ, ਦਾਦਾ
ਜੀ, ਸਾਡੇ ਪਿੰਡ ਨਾਲੋਂ ਤੇ ਕਾਫ਼ੀ ਵੱਡਾ ਏ ਪਰ ਆਪਣੇ ਪਿੰਡ ਜਿਹੀ ਰੀਸ ਨਹੀਂ। ਸਾਡਾ ਤੇ
ਘਰ ਵੀ ਬੜਾ ਵੱਡਾ ਏ, ਪੂਰਾ ਟਰੈਕਟਰ ਸਣੇ ਟਰਾਲੀ ਵੇਹੜੇ ਵਿੱਚ ਆ ਜਾਂਦਾ ਏ ਪਰ ਉੱਥੇ ਤੇ
ਨਾਨਾ ਜੀ ਦੀ ਗੱਡੀ ਹੀ ਔਖੀ ਖੜੀ ਹੁੰਦੀ ਏ।
ਰੋਜ਼ ਵਾਂਗ ਖਾਣਾ ਖਾਣ ਤੋਂ ਬਾਅਦ ਸਾਰੇ ਬੈਠੇ ਗੱਲਾਂ ਲੱਗੇ ਹੋਏ ਸੀ। ਬਚਨ ਸਿੰਘ ਜੀ ਕਹਿੰਦੇ ਹੋਰ ਕਿੱਥੇ ਗਿਆ ਸੀ
ਫਤਿਹ ਸਿੰਘ ਇਸ ਵਾਰ ? ਫਤਿਹ ਦੱਸਣ ਲੱਗਾ, ਦਾਦਾ ਜੀ ਅਸੀਂ ਇੱਸ ਵਾਰ ਪ੍ਰੀਤ ਨਗਰ ਵਾਲੇ
ਗੁਰੁਦ੍ਵਾਰੇ ਵੀ ਗਏ ਸੀ ਤੇ ਮੈਂ ਉਥੇ ਲੰਗਰ ਵਿੱਚ ਸੇਵਾ ਵੀ ਕੀਤੀ ਸੀ। ਜਦੋਂ ਅਸੀਂ ਉੱਥੇ
ਸੀ ਤਾਂ ਗੁਰੁਦਵਾਰੇ ਦਾ ਝੰਡਾ ਮਤਲਬ ਨਿਸ਼ਾਨ ਸਾਹਿਬ ਵੀ ਬਦਲਿਆ ਗਿਆ ਸੀ, ਮੈਂ ਉੱਥੇ ਵੀ
ਸੇਵਾ ਕੀਤੀ ਸੀ। ਉਹਨਾਂ ਨੇ ਪੁਰਾਣਾ ਵਾਲਾ ਨਿਸ਼ਾਨ ਸਾਹਿਬ ਬਦਲ ਕੇ ਨਵਾਂ ਲਗਾਇਆ ਸੀ,
ਪੁਰਾਣਾ ਵਾਲਾ ਬਹੁਤ ਹੀ ਚਿਰਾਂ ਤੋਂ ਲੱਗਾ ਹੋਇਆ ਸੀ ਤੇ ਉੱਸ ਦੇ ਲੋਹੇ ਨੂੰ ਜੰਗਾਲ ਲੱਗ ਗਿਆ ਸੀ। ਜਦੋਂ ਉਹਨਾਂ ਨੇ ਨਵਾਂ ਵਾਲਾ ਲਾਇਆ ਤੇ ਉੱਸ ਉੱਪਰ ਨਵੇਂ ਕੱਪੜੇ ਨੂੰ ਚੜਾ ਕੇ
ਜਿੱਦਾਂ ਹੀ ਉੱਪਰ ਕਰਨ ਲੱਗੇ, ਗੁਰੁਦਵਾਰੇ ਦੇ ਭਾਈ ਸਾਹਿਬ ਕਹਿਣ ਲੱਗੇ ਕਿ ਇੱਕ ਕਾਲਾ
ਪਰਾਂਦਾ ਵੀ ਬੰਨਣਾ ਹੈ ਇੱਸ ਉੱਪਰ, ਐਵੇਂ ਨਜ਼ਰ ਨਹੀਂ ਲੱਗਦੀ। ਦਾਦਾ ਜੀ ਕੀ ਇਹ ਠੀਕ ਹੈ ?
ਬਚਨ
ਸਿੰਘ ਕਹਿਣ ਲੱਗੇ, ਪੁੱਤ ਇਹ ਸਭ ਖੇਖਣ ਕਰਕੇ ਹੀ ਤੇ ਗੁਰੁਦਵਾਰੇ ਦੇ ਭਾਈ ਆਪਣੇ ਗ੍ਰਾਹਕ
ਕੱਠੇ ਕਰੀ ਜਾਂਦੇ ਨੇ। ਮੈਂ ਤੁਹਾਨੂੰ ਇੱਕ ਕਹਾਣੀ ਸੁਣਾਂਦਾ ਹਾਂ, ਸ਼ਾਇਦ ਗੱਲ ਕੁੱਝ ਹੋਰ
ਪੱਲੇ ਪੈ ਜਾਏ। ਬੜੀ ਪੁਰਾਣੀ ਗੱਲ ਹੈ, ਇਕ ਵਾਰ ਇੱਕ ਅੰਨਾ ਬੰਦਾ ਕਿਸੇ ਦੇ ਘਰ ਖਾਣਾ
ਖਾਣ ਲਈ ਗਿਆ। ਜਦੋਂ ਉਹ ਖਾਣਾ ਖਾ ਕੇ ਚੱਲਣ ਲੱਗਿਆ ਤੇ ਉਸਦਾ ਦੋਸਤ ਕਹਿਣ ਲੱਗਾ ਕਿ ਤੂੰ
ਇਹ ਲਾਲਟੈਨ ਨਾਲ ਲੈ ਜਾ। ਅੱਗੋਂ ਅੰਨਾ ਕਹਿੰਦਾ ਬਈ ਮੈਨੂੰ ਕਿਹੜਾ ਨਜ਼ਰ ਆਉਂਦਾ ਏ, ਮੇਰੇ
ਵਾਸਤੇ ਤੇ ਸਬ ਹਨੇਰਾ ਹੀ ਹਨੇਰਾ ਹੈ, ਇਹ ਲਾਲਟੈਨ ਮੇਰੇ ਕਿਸ ਕੰਮ ਦੀ ? ਦੋਸਤ ਨੇ
ਸਮਝਾਇਆ ਕਿ ਠੀਕ ਹੈ ਤੇਨੂੰ ਨਜ਼ਰ ਨਹੀਂ ਆਉਂਦਾ ਪਰ ਕੋਈ ਹੋਰ ਤੇਰੇ ਨਾਲ ਟਕਰਾਉਣ ਤੋਂ ਬੱਚ
ਜਾਏਗਾ, ਤੇਰੇ ਹੱਥ ਵਿੱਚ ਫੜੀ ਹੋਈ ਰੌਸ਼ਨੀ ਦੇਖ ਕੇ। ਅੰਨ੍ਹੇ ਬੰਦੇ ਨੇ ਆਪਣੇ ਦੋਸਤ ਦਾ
ਕਹਿਣਾ ਮੰਨ ਲਿਆ ਤੇ ਲਾਲਟੈਨ ਫੜ ਕੇ ਆਪਣੇ ਘਰ ਵੱਲ ਚੱਲ ਪਿਆ।
ਰਸਤਾ ਲੰਬਾ ਸੀ,
ਉਹ ਹਾਲੇ 200 ਕੁ ਕਦਮ ਹੀ ਚਲਿਆ ਹੋਣਾ ਏ ਕਿ ਕੋਈ ਬੰਦਾ ਉਸ ਨਾਲ ਟਕਰਾ ਗਇਆ, ਅੰਨ੍ਹੇ ਬੰਦੇ
ਨੇ ਥੋੜੇ ਗੁੱਸੇ ਨਾਲ ਪੂਛਿਆ, ਕੀ ਤੁਸੀਂ ਅੰਨ੍ਹੇ ਹੋ, ਤੁਹਾਨੂੰ ਵੀ ਦਿਖਾਈ ਨਹੀਂ ਦੇਂਦਾ ?
ਮੈਂ ਤੇ ਅੰਨਾ ਹਾਂ ਪਰ ਤੁਹਾਨੂੰ ਤੇ ਦੇਖ ਕੇ ਚੱਲਣਾ ਚਾਹੀਦਾ ਹੈ, ਦੇਖਦੇ ਨਹੀਂ ਤੁਹਾਡੇ
ਕਰਕੇ ਹੀ ਮੈਂ ਇਹ ਲਾਲਟੈਨ ਚੁੱਕੀ ਫਿਰਦਾ ਹਾਂ। ਅੱਗਿਓਂ ਉਹ ਬੰਦਾ ਕਹਿਣ ਲੱਗਾ - ਮਾਫ਼
ਕਰਨਾ, ਮੈਨੂੰ ਨਜ਼ਰ ਤੇ ਆਊਂਦਾ ਹੈ ਪਰ ਹਨੇਰਾ ਹੀ ਐਨਾ ਹੈ ਕਿ ਮੈਂ ਦੇਖ ਨਹੀਂ ਸਕਿਆ,
ਉੱਪਰੋਂ ਤੁਹਾਡੇ ਹੱਥ ਵਿੱਚ ਫੜੀ ਲਾਲਟੈਨ ਵੀ ਬੁੱਝ ਚੁੱਕੀ ਹੈ। ਤੁਸੀਂ ਦੇਖ ਨਹੀਂ ਸਕੇ
ਪਰ ਪਤਾ ਨਹੀਂ ਤੁਸੀਂ ਕਿੰਨੀ ਦੇਰ ਤੋਂ ਇਹ ਬੁਝੀ ਹੋਈ ਲਾਲਟੈਨ ਲੈ ਕੇ ਘੁੰਮੀ ਜਾ ਰਹੇ
ਹੋ।
ਬੱਸ ਇਹੀ ਹਾਲ ਸਾਡਾ ਤੇ ਸਾਡੇ ਧਰਮ ਦੇ ਰਾਖਿਆਂ ਦਾ ਹੈ, ਲਾਲਟੈਨ ਬੁਝੀ
ਹੋਈ ਹੈ ਪਰ ਅਸੀਂ ਉੱਸ ਨੂੰ ਚੁੱਕ ਕੇ ਟੱਕਰਾਂ ਮਾਰੀ ਫ਼ਿਰਦੇ ਹਾਂ ਤੇ ਸੋਚੀ ਜਾਂਦੇ ਹਾਂ
ਕਿ ਅਸੀਂ ਬੜੇ ਧਾਰਮਿਕ ਹਾਂ। ਗੁਰੁਦਵਾਰੇ ਦਾ ਗ੍ਰੰਥੀ ਵੀ ਬਾਰ-ਬਾਰ ਸਾਨੂੰ ਇਹ ਹੀ ਦੱਸੀ
ਜਾਂਦੇ ਨੇ ਕਿ ਲਾਲਟੈਨ ਦੀ ਪੂਜਾ ਕਰਨੀ ਹੈ ਜਦ ਕਿ ਇਹ ਲਾਲਟੈਨ ਤੇ ਸਾਨੂੰ ਸਿਰਫ ਰਸਤਾ ਦਿਖਾਉਣ ਵਾਸਤੇ ਦਿੱਤੀ ਗਈ ਸੀ। ਭਾਈ ਸਾਹਿਬ ਜੀ, ਨਜ਼ਰ ਤੇ ਸਾਡੇ ਧਰਮ ਨੂੰ ਲੱਗ ਚੁੱਕੀ ਹੈ ਤਾਂ ਹੀ ਤੇ ਅਸੀਂ ਫ਼ੇਰ ਉਸੇ ਹਨ੍ਹੇਰੇ ਵੱਲ ਤੁਰੇ ਜਾ ਰਹੇ ਹਾਂ ਜਿਸ ਵਿੱਚੋਂ ਬਾਬਾ ਨਾਨਕ ਸਾਨੂੰ ਕੱਢਣਾ ਚਾਹੁੰਦਾ ਸੀ। ਸਾਨੂੰ ਵੀ ਹਾਲੇ ਚੱਲਦੇ ਹੋਏ ਕੋਈ 500 ਕੁ ਸਾਲ
ਹੀ ਹੋਏ ਨੇ ਤੇ ਸਾਡੀ ਵੀ ਲਾਲਟੈਨ ਬੁੱਝ ਚੁੱਕੀ ਹੈ ਪਰੰਤੂ ਸਾਡਾ ਅਹੰਕਾਰ ਸਾਨੂੰ ਨਾ ਤੇ
ਲਾਲਟੈਨ ਮੁੜ ਕੇ ਜਲਾਉਣ ਦਿੰਦਾ ਹੈ ਤੇ ਨਾ ਹੀ ਅਸੀਂ ਡਰ ਦੇ ਮਾਰੇ ਲਾਲਟੈਨ ਵੱਲ ਤੱਕਦੇ
ਹਾਂ। ਬੱਸ ਧਰੂ ਘਸੀਟ ਕਰਦੇ ਚੱਲੀ ਜਾ ਰਹੇ ਹਾਂ ਪਤਾ ਨਹੀਂ ਕਿੱਧਰ। ਕੋਈ ਪੁੱਛੇ ਬਈ ਇਹ
ਝੰਡੇ ਹੀ ਤੇ ਨਿਸ਼ਾਨੀ ਸੀ ਕੀ ਇੱਥੇ ਕੋਈ ਵਹਿਮ ਭਰਮ ਨਹੀਂ ਕੀਤੇ ਜਾਂਦੇ ਤੇ ਭਲੇ ਮਾਨਸ
ਉੱਸ ਨਿਸ਼ਾਨੀ ਨੂੰ ਹੀ ਮਾੜੀ ਨਜ਼ਰ ਤੋਂ ਬਚਾਉਣ ਲਈ ਟੋਟਕੇ ਕਰਦੇ ਹਾਂ।
"ਅਸੀਂ ਗੁਰੂ ਨਾਨਕ ਨੂੰ ਤਾਂ ਬਹੁਤ ਮੰਨਦੇ ਹਾਂ ਪਰ ਗੁਰੂ ਨਾਨਕ ਦੀ ਇੱਕ ਵੀ
ਨਹੀਂ ਮੰਨਦੇ !"
ਅਸੀਂ ਫੇਰ ਤੋਂ ਉਹਨਾਂ ਕਰਮ ਕਾਂਡਾਂ ਵਿੱਚ ਰੁੱਝੇ ਹੋਏ ਹਾਂ ਜਿਹਨਾਂ ਤੋਂ
ਗੁਰੂ ਨਾਨਕ ਨੇ ਇਸ ਜਗ ਨੂੰ ਹਟਾਇਆ ਸੀ।
ਸੋਚਣਾ ਜ਼ਰੂਰ !
ਅੱਜ ਲਈ ਇਤਨਾ ਹੀ...
|| ਇਤਿ ||

No comments:
Post a Comment